Islamabad News: ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਹੋਏ ਜ਼ਬਰਦਸਤ ਬੰਬ ਧਮਾਕੇ ‘ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਡਾਨ ਨਿਊਜ਼ ਮੁਤਾਬਕ ਧਮਾਕੇ ਦੇ ਸਮੇਂ ਇੱਕ ਟਰੇਨ ਪਲੇਟਫਾਰਮ ਤੋਂ ਪੇਸ਼ਾਵਰ ਲਈ ਰਵਾਨਾ ਹੋਣ ਲਈ ਤਿਆਰ ਸੀ। ਰਿਪੋਰਟ ‘ਚ ਕਵੇਟਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ. ਐੱਸ. ਪੀ.) ਮੁਹੰਮਦ ਬਲੋਚ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਧਮਾਕੇ ‘ਚ 16 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਘਟਨਾ ਆਤਮਘਾਤੀ ਬੰਬ ਧਮਾਕਾ ਜਾਪਦੀ ਹੈ ਪਰ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਦੇ ਸਮੇਂ ਸਟੇਸ਼ਨ ‘ਤੇ ਯਾਤਰੀਆਂ ਦੀ ਭਾਰੀ ਭੀੜ ਸੀ। ਧਮਾਕਾ ਉਸ ਸਮੇਂ ਹੋਇਆ ਜਦੋਂ ਜਾਫਰ ਐਕਸਪ੍ਰੈਸ ਸਟੇਸ਼ਨ ਤੋਂ ਰਵਾਨਾ ਹੋ ਰਹੀ ਸੀ। ਧਮਾਕੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਚਸ਼ਮਦੀਦਾਂ ਮੁਤਾਬਕ ਇਹ ਇੱਕ ਹੈਵੀ ਬੰਬ ਬਲਾਸਟ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਇਸ ਹਿੱਸੇ ‘ਚ ਅਕਸਰ ਬੰਬ ਧਮਾਕੇ ਹੁੰਦੇ ਰਹੇ ਹਨ। ਕੁਝ ਦਿਨ ਪਹਿਲਾਂ ਵੀ ਉੱਤਰੀ ਵਜ਼ੀਰਿਸਤਾਨ ਵਿੱਚ ਹੋਏ ਬੰਬ ਧਮਾਕੇ ਵਿੱਚ ਚਾਰ ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਜਦੋਂ ਕਿ ਕਈ ਜ਼ਖ਼ਮੀ ਹੋ ਗਏ ਸਨ। ਇਸ ਤੋਂ ਇਲਾਵਾ ਖੈਬਰ ਪਖਤੂਨਖਵਾ ‘ਚ ਇੱਕ ਸਕੂਲ ਨੇੜੇ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਦੋ ਬੱਚੇ ਮਾਰੇ ਗਏ ਸਨ। ਇਸ ਤੋਂ ਕੁਝ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਇੱਕ ਸਕੂਲ ਨੇੜੇ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਪੰਜ ਸਕੂਲੀ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਘੱਟੋ-ਘੱਟ 22 ਲੋਕ ਜ਼ਖ਼ਮੀ ਹੋ ਗਏ ਸਨ।
ਹਿੰਦੂਸਥਾਨ ਸਮਾਚਾਰ