Chandigarh News:ਪੰਜਾਬ ‘ਚ ਹੁਣ ਟ੍ਰੈਫ਼ਿਕ ਰੂਲਜ਼ ਸਖ਼ਤ ਹੁੰਦੇ ਜਾ ਰਹੇ ਹਨ। ਪਹਿਲਾਂ ਬੱਚਿਆਂ ਲਈ ਹੈਲਮੇਟ ਪਾਉਣਾ ਜ਼ਰੂਰੀ ਨਹੀਂ ਹੁੰਦਾ ਸੀ। ਪਰ ਹੁਣ ਬੱਚਿਆਂ ਨੂੰ ਦੋ ਪਹੀਆ ਵਾਹਨ ‘ਤੇ ਬਿਠਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦੋ ਪਹੀਆ ਵਾਹਨ ਦੇ ਮਗਰ ਬੈਠਣ ਵਾਲੇ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ ਨਹੀਂ ਤਾਂ ਉਨ੍ਹਾਂ ‘ਤੇ ਭਾਰੀ ਜ਼ੁਰਮਾਨਾ ਪੈ ਸਕਦਾ ਹੈ।
ਹਾਈ ਕੋਰਟ ਦੇ ਹੁਕਮਾਂ ਤੋਂ ਸਿਰਫ਼ ਦਸਤਾਰ ਸਜਾਉਣ ਵਾਲੇ ਸਿੱਖ ਮਰਦਾਂ ਅਤੇ ਔਰਤਾਂ ਨੂੰ ਹੀ ਛੋਟ ਹੋਵੇਗੀ। ਇਸ ਮਾਮਲੇ ‘ਚ ਹਾਈਕੋਰਟ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਪੁਲਿਸ ਤੋਂ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਅਤੇ ਬਾਈਕ ਦੇ ਪਿੱਛੇ ਬੈਠੀ ਸਵਾਰੀ ਦੇ ਚਲਾਨ ਦੇ ਵੇਰਵੇ ਵੀ ਤਲਬ ਕੀਤੇ ਹਨ।
ਹਾਈ ਕੋਰਟ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਇਹ ਹੁਕਮ 4 ਸਾਲ ਤੋਂ ਵੱਧ ਉਮਰ ਦੇ ਹਰ ਉਸ ਵਿਅਕਤੀ ‘ਤੇ ਲਾਗੂ ਹੋਣਗੇ, ਜੋ ਗੱਡੀ ਚਲਾ ਰਿਹਾ ਹੈ, ਦੋਪਹੀਆ ਵਾਹਨ ਚਲਾ ਰਿਹਾ ਹੈ ਜਾਂ ਉਸ ‘ਤੇ ਸਵਾਰ ਹੋ ਰਿਹਾ ਹੈ। ਜਿਸ ਵਿੱਚ ਬੱਚੇ ਵੀ ਸ਼ਾਮਲ ਹਨ। ਇਹ ਹੁਕਮ ਹਰ ਕਿਸਮ ਦੀ ਬਾਈਕ ‘ਤੇ ਲਾਗੂ ਹੋਵੇਗਾ, ਚਾਹੇ ਉਹ ਕਿਸੇ ਵੀ ਸ਼੍ਰੇਣੀ ਦੀ ਹੋਵੇ। ਜੇਕਰ ਕੋਈ ਸਿੱਖ ਵਿਅਕਤੀ ਬਾਈਕ ‘ਤੇ ਸਵਾਰ ਹੋਣ ਜਾਂ ਬੈਠਣ ਸਮੇਂ ਪੱਗ ਬੰਨ੍ਹਦਾ ਹੈ ਤਾਂ ਉਸ ‘ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।
ਹਾਈ ਕੋਰਟ ਨੇ ਆਪਣੇ ਹੁਕਮ ਵਿਚ ਕੇਂਦਰ ਸਰਕਾਰ ਨੂੰ ਵੀ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਨਿਯਮ ਬਣਾਉਣ ਲਈ ਕਿਹਾ ਹੈ। ਦਸ ਦਇਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 29 ਅਕਤੂਬਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਹੁਣ 2024 ਵਿੱਚ ਇਹ ਹੁਕਮ ਹੁਣ ਸਾਹਮਣੇ ਆਏ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਹੋਵੇਗੀ।