Washington: ਸੰਯੁਕਤ ਰਾਜ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਵਾਪਸੀ ਤੋਂ ਬਾਅਦ ਉਨ੍ਹਾਂ ਦੀ ਮੁੱਖ ਅਤੇ ਨਜ਼ਦੀਕੀ ਵਿਰੋਧੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਸਮਰਥਕਾਂ ‘ਚ ਕਾਫੀ ਭਾਵੁਕ ਨਜ਼ਰ ਆਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਨਾਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ।
ਹਾਰ ਤੋਂ ਬਾਅਦ ਵਾਸ਼ਿੰਗਟਨ ਡੀਸੀ ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ, ਹੈਰਿਸ ਨੇ ਸਮਰਥਕਾਂ ਨੂੰ ਡੋਨਾਲਡ ਟਰੰਪ ਦੀ ਜਿੱਤ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਹ ਥੋੜੀ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਆਪਣੇ ਆਦਰਸ਼ਾਂ ਲਈ ਕਦੇ ਵੀ ਹਾਰ ਨਾ ਮੰਨੋ। ਇਸ ਦੌਰਾਨ ਹੈਰਿਸ ਨੇ ਕਿਹਾ ਕਿ ਚੋਣਾਂ ਦਾ ਨਤੀਜਾ ਯਕੀਨੀ ਤੌਰ ‘ਤੇ ਉਸ ਤਰ੍ਹਾਂ ਦਾ ਨਹੀਂ ਰਿਹਾ, ਜਿਸਦੀ ਉਮੀਦ ਸੀ। ਹੁਣ ਸੱਤਾ ਦਾ ਤਬਾਦਲਾ ਖੁਸ਼ੀ ਦੇ ਨਾਲ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ। ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਸ ਹਾਰ ਤੋਂ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ।
ਕਮਲਾ ਹੈਰਿਸ ਆਪਣੇ ਕੈਂਪੇਨ ਸੌਂਗ ਦੇ ਨਾਲ ਸਟੇਜ ‘ਤੇ ਪਹੁੰਚੀ। ਫਿਰ ਆਪਣੇ ਰਨਿੰਗ ਮੇਟ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼, ਕੈਂਪੇਨ ਸਟਾਫ਼, ਸਮਰਥਕਾਂ, ਪੋਲ ਵਰਕਰਾਂ ਅਤੇ ਚੋਣ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕਈ ਸਮਰਥਕ ਹੰਝੂ ਪੂੰਝਦੇ ਦੇਖੇ ਗਏ। ਹੈਰਿਸ ਨੇ ਕਿਹਾ ਕਿ ਉਹ ਜਾਣਦੀ ਹਨ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਅਜੇ ਵੀ ਭਾਵਨਾਵਾਂ ’ਚ ਵਹਿ ਰਹੇ ਹਨ। ਇਹ ਕੁਦਰਤੀ ਹੈ, ਪਰ ਸਾਨੂੰ ਸਾਰਿਆਂ ਨੂੰ ਚੋਣ ਨਤੀਜਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਹਾਰ ਗਈ ਹਨ। ਇਸ ਦੇ ਬਾਵਜੂਦ ਉਹ ਚੋਣ ਪ੍ਰਚਾਰ ਦੌਰਾਨ ਉਠਾਏ ਗਏ ਮੁੱਦਿਆਂ ਲਈ ਲੜਦੀ ਰਹੇਗੀ।
ਹਿੰਦੂਸਥਾਨ ਸਮਾਚਾਰ