Kolkata News: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਵਿਜੇ ਕ੍ਰਿਸ਼ਨ ਭੂਨੀਆ ਦੇ ਕਤਲ ਮਾਮਲੇ ‘ਚ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਨੇਤਾ ਨਵਕੁਮਾਰ ਮੰਡਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਮੋਇਨਾ ਵਿੱਚ ਪਿਛਲੇ ਸਾਲ ਮਈ ਵਿੱਚ ਭੂਨੀਆ ਦੀ ਹੱਤਿਆ ਕਰ ਦਿੱਤੀ ਗਈ ਸੀ।
ਐਨਆਈਏ ਦੇ ਇੱਕ ਅਧਿਕਾਰੀ ਮੁਤਾਬਕ ਨਵਕੁਮਾਰ ਮੰਡਲ ਨੂੰ ਪੂਰਬੀ ਮੇਦਿਨੀਪੁਰ ਦੇ ਗੋਰਾਮਹਿਲ ਪਿੰਡ ਤੋਂ ਫੜਿਆ ਗਿਆ। ਬੁੱਧਵਾਰ ਨੂੰ ਉਸਦੀ ਮੈਡੀਕਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਸਨੂੰ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਕਲਕੱਤਾ ਹਾਈ ਕੋਰਟ ਦੇ ਜਸਟਿਸ ਜੈ ਸੇਨਗੁਪਤਾ ਦੀ ਸਿੰਗਲ ਬੈਂਚ ਨੇ ਇਸ ਕਤਲ ਕੇਸ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ। ਭੂਨੀਆ ਮੋਇਨਾ ਵਿੱਚ ਭਾਜਪਾ ਦੇ ਬੂਥ ਪ੍ਰਧਾਨ ਸੀ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਸੰਗਰਾਮ ਕੁਮਾਰ ਦੋਲੂਈ ਦੇ ਨਜ਼ਦੀਕੀ ਲੋਕਾਂ ਨੇ ਕਥਿਤ ਤੌਰ ‘ਤੇ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਮਾਮਲੇ ਦੀ ਸ਼ੁਰੂਆਤੀ ਜਾਂਚ ਸੂਬਾ ਪੁਲਿਸ ਦੇ ਐਸਡੀਪੀਓ ਪੱਧਰ ’ਤੇ ਕੀਤੀ ਜਾ ਰਹੀ ਸੀ ਪਰ ਪੁਲਿਸ ਜਾਂਚ ਵਿੱਚ ਖਾਮੀਆਂ ਦੇ ਦੋਸ਼ ਸਾਹਮਣੇ ਆਏ। ਦੋਸ਼ ਲਾਇਆ ਗਿਆ ਸੀ ਕਿ ਕਤਲ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਬੰਬਾਂ ਦਾ ਚਾਰਜਸ਼ੀਟ ਵਿੱਚ ਜ਼ਿਕਰ ਨਹੀਂ ਅਤੇ ਕਈ ਮੁਲਜ਼ਮਾਂ ਦੇ ਨਾਮ ਵੀ ਇਸ ਵਿੱਚ ਸ਼ਾਮਲ ਨਹੀਂ ਸਨ।
ਇਸ ਮਾਮਲੇ ਵਿੱਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਨੇ ਵੀ ਖੁਦ ਨੋਟਿਸ ਲਿਆ ਸੀ। ਐਨਸੀਐਸਸੀ ਚੇਅਰਮੈਨ ਅਰੁਣ ਹਲਦਰ ਨੇ ਉਸ ਸਮੇਂ ਮੋਇਨਾ ਦਾ ਦੌਰਾ ਕੀਤਾ ਅਤੇ ਦੋਸ਼ ਲਾਇਆ ਕਿ ਭੂਨੀਆ ਦੀ ਹੱਤਿਆ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਰਾਜ ਸਰਕਾਰ ਦੀ ਅਸਫਲਤਾ ਦਾ ਸਬੂਤ ਹੈ। ਅਨੁਸੂਚਿਤ ਜਾਤੀ ਦੀ ਆਬਾਦੀ ਸੂਬੇ ਦੇ ਕੁੱਲ ਵੋਟਰਾਂ ਦਾ ਲਗਭਗ 22 ਫੀਸਦੀ ਹੈ, ਜਿਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਰਕਾਰ ਅਸਫਲ ਰਹੀ ਹੈ।
ਹਿੰਦੂਸਥਾਨ ਸਮਾਚਾਰ