New Delhi: ਬਿਹਾਰ ਕੋਕਿਲਾ ਦੇ ਨਾਮ ਨਾਲ ਮਸ਼ਹੂਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਅੰਤਿਮ ਸੰਸਕਾਰ ਪਟਨਾ ‘ਚ ਹੋਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਜਹਾਜ਼ ਰਾਹੀਂ ਬਿਹਾਰ ਦੀ ਰਾਜਧਾਨੀ ਭੇਜੀ ਜਾਵੇਗੀ।
ਸ਼ਾਰਦਾ ਸਿਨਹਾ ਨੇ ਮੰਗਲਵਾਰ ਰਾਤ 9:20 ‘ਤੇ 72 ਸਾਲ ਦੀ ਉਮਰ ‘ਚ ਦਿੱਲੀ ਏਮਜ਼ ‘ਚ ਆਖਰੀ ਸਾਹ ਲਿਆ। ਉਹ ਛੇ ਸਾਲਾਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ। 26 ਅਕਤੂਬਰ ਨੂੰ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਏਮਜ਼ ਦੇ ਕੈਂਸਰ ਸੈਂਟਰ ਦੇ ਮੈਡੀਕਲ ਓਨਕੋਲੋਜੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਪਟਨਾ ‘ਚ ਦੁਪਹਿਰ 12 ਵਜੇ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਨੇਹੀ ਸ਼ਾਰਦਾ ਸਿਨਹਾ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪੂਰੇ ਸਨਮਾਨ ਨਾਲ ਕੀਤਾ ਜਾਵੇਗਾ।
ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਹੁਲਾਸ ਪਿੰਡ ਵਿੱਚ ਜਨਮੀ ਮਸ਼ਹੂਰ ਭਾਰਤੀ ਲੋਕ ਸੰਗੀਤ ਗਾਇਕਾ ਸ਼ਾਰਦਾ ਸਿਨਹਾ ਨੇ ਆਪਣੇ ਸੁਰੀਲੇ ਗੀਤਾਂ ਨਾਲ ਨਵੇਂ ਆਯਾਮ ਸਥਾਪਿਤ ਕੀਤੇ। ਸ਼ਾਰਦਾ ਸਿਨਹਾ ਦੇ ਦਿਹਾਂਤ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਾਰਦਾ ਸਿਨਹਾ ਮੈਥਿਲੀ ਅਤੇ ਭੋਜਪੁਰੀ ਸੰਗੀਤ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਜਾਣੀ ਜਾਂਦੀ ਹਨ।
ਹਿੰਦੂਸਥਾਨ ਸਮਾਚਾਰ