New Delhi: ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਕੈਨੇਡਾ ਵਿੱਚ ਹਿੰਦੂ ਮੰਦਰ ਉੱਤੇ ਵੱਖਵਾਦੀਆਂ ਸਮਰਥਕਾਂ ਵੱਲੋਂ ਕੀਤੇ ਹਮਲੇ ਦੀ ਨਿੰਦਾ ਕੀਤੀ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਆਲੋਕ ਕੁਮਾਰ ਨੇ ਸੋਮਵਾਰ ਨੂੰ ਇੱਥੇ ਜਾਰੀ ਬਿਆਨ ‘ਚ ਕਿਹਾ ਕਿ ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਵੱਲੋਂ ਹਿੰਦੂ ਮੰਦਰ ‘ਤੇ ਕੀਤਾ ਗਿਆ ਹਮਲਾ ਬੇਹੱਦ ਨਿੰਦਣਯੋਗ ਹੈ। ਉਥੇ ਭਾਰਤੀ ਅੰਬੈਸੀ ਵੱਲੋਂ ਕੈਂਪ ਲਗਾਇਆ ਗਿਆ ਸੀ। ਅੰਬੈਸੀ ਨੇ ਤਿੰਨ ਦਿਨ ਪਹਿਲਾਂ ਕੈਨੇਡਾ ਸਰਕਾਰ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਸੀ ਅਤੇ ਢੁੱਕਵੀਂ ਸੁਰੱਖਿਆ ਲਈ ਬੇਨਤੀ ਵੀ ਕੀਤੀ ਸੀ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ‘ਚ ਕਿਹਾ ਸੀ, “ਇੰਡੋ-ਕੈਨੇਡੀਅਨ ਕੈਨੇਡਾ ਦੀ ਬਿਹਤਰੀਨ ਪ੍ਰਤੀਨਿਧਤਾ ਕਰਦੇ ਹਨ। ਅਸੀਂ ਹਮੇਸ਼ਾ ਹਿੰਦੂ ਕੈਨੇਡੀਅਨਾਂ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਮੇਸ਼ਾਂ ਖੜ੍ਹੇ ਰਹਾਂਗੇ ਤਾਂ ਉਹ ਆਜ਼ਾਦੀ ਨਾਲ ਅਤੇ ਮਾਣ ਨਾਲ ਆਪਣੇ ਧਰਮ ਦੀ ਪਾਲਣਾ ਕਰ ਸਕਣ।’’
ਆਅਲੋਕ ਕੁਮਾਰ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਐਲਾਨ ਖੋਖਲਾ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕਿਸੇ ਮੰਦਰ ‘ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗ੍ਰੇਟਰ ਟੋਰਾਂਟੋ, ਬ੍ਰਿਟਿਸ਼ ਕੋਲੰਬੀਆ ਅਤੇ ਬ੍ਰੈਂਪਟਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਹੋ ਚੁੱਕੇ ਹਨ। ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਦੇ ਆਪਣੇ ਸੰਸਦ ਮੈਂਬਰਾਂ ਨੇ ਜਨਤਕ ਤੌਰ ‘ਤੇ ਉਨ੍ਹਾਂ ਤੋਂ ਅਸਤੀਫਾ ਮੰਗਿਆ ਹੈ। ਉਨ੍ਹਾਂ ਦੀ ਕੁਰਸੀ ਖਾਲਿਸਤਾਨ ਪੱਖੀ ਸੰਸਦ ਮੈਂਬਰਾਂ ‘ਤੇ ਟਿਕੀ ਹੋਈ ਹੈ, ਇਸ ਲਈ ਉਨ੍ਹਾਂ ਦੀ ਖੁੱਲ੍ਹੀ ਹਮਾਇਤ ਖਾਲਿਸਤਾਨੀਆਂ ਨਾਲ ਹੈ। ਉਨ੍ਹਾਂ ਦੇ ਰਵੱਈਏ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵੀ ਵਿਗੜੇ ਹਨ। ਕੈਨੇਡਾ ’ਚ ਲੋਕਤੰਤਰ, ਕਾਨੂੰਨ ਦੇ ਰਾਜ ਅਤੇ ਧਰਮ ਨਿਰਪੱਖਤਾ ਦੇ ਬੁਨਿਆਦੀ ਸਿਧਾਂਤਾਂ ਦੀ ਵੀ ਉਲੰਘਣਾ ਹੋ ਰਹੀ ਹੈ। ਅਸੀਂ ਹਿੰਦੂ ਮੰਦਰ ‘ਤੇ ਹਮਲੇ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਮੌਜੂਦਾ ਸਰਕਾਰ ਅਤੇ ਖਾਲਿਸਤਾਨ ਸਮਰਥਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਥੋਂ ਦੇ ਹਿੰਦੂਆਂ ਨੂੰ ਵੀ ਸਵੈ-ਰੱਖਿਆ ਦਾ ਅਧਿਕਾਰ ਹੈ ਅਤੇ ਲੋੜ ਪੈਣ ‘ਤੇ ਉਹ ਇਸ ਦੀ ਵਰਤੋਂ ਕਰਨਗੇ ਹੀ।
ਹਿੰਦੂਸਥਾਨ ਸਮਾਚਾਰ