New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਜ਼ਬਰਦਸਤ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਅੱਜ ਬਾਜ਼ਾਰ ਦੀ ਸ਼ੁਰੂਆਤ ਮਿਲੇ-ਜੁਲੇ ਕਾਰੋਬਾਰ ਦੇ ਫਲੈਟ ਪੱਧਰ ਨਾਲ ਹੋਈ। ਬਾਜ਼ਾਰ ਖੁੱਲ੍ਹਦੇ ਹੀ ਜ਼ਬਰਦਸਤ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ 1.35 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ।
ਫਿਲਹਾਲ ਕਾਰੋਬਾਰ ਦੌਰਾਨ ਸੈਂਸੈਕਸ 1351.05 ਅੰਕ ਭਾਵ 1.69 ਫੀਸਦੀ ਦੀ ਗਿਰਾਵਟ ਨਾਲ 78.373.06 ਅੰਕ ਦੇ ਪੱਧਰ ’ਤੇ ਅਤੇ ਨਿਫਟੀ 444.00 ਅੰਕ ਭਾਵ 1.83 ਫੀਸਦੀ ਦੀ ਗਿਰਾਵਟ ਨਾਲ 23,860.35 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ। ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਮਹਿੰਦਰਾ ਐਂਡ ਮਹਿੰਦਰਾ, ਸਿਪਲਾ, ਡਾ. ਰੈੱਡੀਜ਼ ਲੈਬਾਰਟਰੀਜ਼, ਟੇਕ ਮਹਿੰਦਰਾ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 2.37 ਫੀਸਦੀ ਤੋਂ 0.41 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬਜਾਜ ਆਟੋ, ਹੀਰੋ ਮੋਟੋਕਾਰਪ, ਬੀਪੀਸੀਐਲ, ਸਨ ਫਾਰਮਾਸਿਊਟੀਕਲ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 3.96 ਫੀਸਦੀ ਤੋਂ 2.70 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 3 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ਵਿੱਚ ਬਣੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 27 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 6 ਸ਼ੇਅਰ ਹਰੇ ਨਿਸ਼ਾਨ ’ਚ ਅਤੇ 44 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਸਨ।
ਬੀਐੱਸਈ ਦਾ ਸੈਂਸੈਕਸ ਅੱਜ 10.98 ਅੰਕਾਂ ਦੀ ਮਾਮੂਲੀ ਕਮਜ਼ੋਰੀ ਨਾਲ 79,713.14 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਵਿਕਰੇਤਾਵਾਂ ਨੇ ਪੂਰੀ ਤਰ੍ਹਾਂ ਨਾਲ ਬਾਜ਼ਾਰ ‘ਤੇ ਆਪਣਾ ਦਬਾਅ ਬਣਾ ਲਿਆ, ਜਿਸ ਕਾਰਨ ਇਸ ਸੂਚਕਾਂਕ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਖਰੀਦਦਾਰਾਂ ਨੇ ਸਮੇਂ-ਸਮੇਂ ‘ਤੇ ਖਰੀਦਣ ਦੀ ਕੋਸ਼ਿਸ਼ ਵੀ ਕੀਤੀ, ਇਸਦੇ ਬਾਵਜੂਦ ਇਸ ਸੂਚਕਾਂਕ ਦੀ ਗਤੀ ‘ਚ ਸੁਧਾਰ ਨਹੀਂ ਹੋ ਸਕਿਆ। ਬਾਜ਼ਾਰ ‘ਚ ਲਗਾਤਾਰ ਵਿਕਰੀ ਕਾਰਨ ਇਸ ਸੂਚਕਾਂਕ ‘ਚ ਗਿਰਾਵਟ ਲਗਾਤਾਰ ਵਧਦੀ ਰਹੀ, ਜਿਸ ਕਾਰਨ ਕੁਝ ਹੀ ਸਮੇਂ ‘ਚ ਇਹ ਸੂਚਕਾਂਕ ਹੋਰ ਹੇਠਾਂ ਡਿੱਗ ਕੇ 79 ਹਜ਼ਾਰ ਅੰਕਾਂ ਦੇ ਪੱਧਰ ਤੋਂ ਹੇਠਾਂ ਡਿੱਗ ਗਿਆ।
ਸੈਂਸੈਕਸ ਦੇ ਉਲਟ, ਐਨਐਸਈ ਦੇ ਨਿਫਟੀ ਨੇ ਅੱਜ 11.40 ਅੰਕਾਂ ਦੀ ਮਾਮੂਲੀ ਮਜ਼ਬੂਤੀ ਨਾਲ 24,315.75 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਮਜ਼ਬੂਤ ਵਿਕਰੀ ਦਬਾਅ ਕਾਰਨ ਇਹ ਸੂਚਕਾਂਕ ਵੀ ਕਾਫੀ ਡਿੱਗ ਗਿਆ। ਖਰੀਦਦਾਰਾਂ ਵੱਲੋਂ ਖਰੀਦਦਾਰੀ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਸੂਚਕਾਂਕ ਵਿੱਚ ਗਿਰਾਵਟ ਜਾਰੀ ਰਹੀ। ਚਾਰੇ ਪਾਸੇ ਵਿਕਰੀ ਦੇ ਦਬਾਅ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਇਹ ਸੂਚਕਾਂਕ 24 ਹਜ਼ਾਰ ਅੰਕਾਂ ਦੇ ਪੱਧਰ ਤੋਂ ਹੇਠਾਂ ਕਾਰੋਬਾਰ ਕਰਨ ਲੱਗਾ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਸ਼ੁੱਕਰਵਾਰ ਦੇ ਦਿਨ ਹੋਈ ਮੁਹੂਰਤ ਟ੍ਰੇਡਿੰਗ ਤੋਂ ਬਾਅਦ ਸੈਂਸੈਕਸ 335.06 ਅੰਕ ਜਾਂ 0.42 ਫੀਸਦੀ ਮਜ਼ਬੂਤੀ ਨਾਲ 79,724.12 ਅੰਕਾਂ ‘ਤੇ ਅਤੇ ਨਿਫਟੀ 99 ਅੰਕ ਜਾਂ 0.41 ਫੀਸਦੀ ਦੀ ਮਜ਼ਬੂਤੀ ਨਾਲ 24,304.35 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ