Shimla News: ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਬਾਇਲੀ ਜ਼ਿਲੇ ਕਿਨੌਰ ‘ਚ ਬੀਤੀ ਰਾਤ 1.29 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.1 ਸੀ। ਭੂਚਾਲ ਦਾ ਕੇਂਦਰ ਕਿਨੌਰ ‘ਚ 31.38 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 78.17 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਰਿਹਾ ਅਤੇ ਇਸ ਦੀ ਡੂੰਘਾਈ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ।
ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਭੂਚਾਲ ਦੀ ਹਲਕੀ ਤੀਬਰਤਾ ਕਾਰਨ ਕਿਨੌਰ ਜ਼ਿਲ੍ਹੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਪਿਛਲੇ ਕਈ ਸਾਲਾਂ ਤੋਂ ਇੱਥੇ ਭੂਚਾਲ ਦੇ ਝਟਕੇ ਆ ਰਹੇ ਹਨ। 15 ਅਕਤੂਬਰ ਨੂੰ ਮੰਡੀ ਜ਼ਿਲ੍ਹੇ ‘ਚ ਰਿਕਟਰ ਪੈਮਾਨੇ ‘ਤੇ 3.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਸ਼ਿਮਲਾ ‘ਚ ਰਿਕਟਰ ਪੈਮਾਨੇ ‘ਤੇ 3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਉਦੋਂ ਭੂਚਾਲ ਦਾ ਕੇਂਦਰ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜ਼ਨ ਦੇ ਚਿਦਗਾਂਵ ਵਿੱਚ ਦਰਜ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਭੂਚਾਲ ਦੇ ਨਜ਼ਰੀਏ ਤੋਂ ਸਭ ਤੋਂ ਸੰਵੇਦਨਸ਼ੀਲ ਜ਼ੋਨ ਚਾਰ ਅਤੇ ਪੰਜ ਵਿੱਚ ਸ਼ਾਮਲ ਹੈ। ਇੱਥੇ ਕਈ ਸਾਲਾਂ ਤੋਂ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ ਹਨ। 1905 ਵਿੱਚ ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਵਿੱਚ 10 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਹਿੰਦੂਸਥਾਨ ਸਮਾਚਾਰ