Barnala News: ਜਿਲ੍ਹਾ ਬਰਨਾਲਾ ਦੀ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਮੋੜ ਨਾਭਾ ਵਿਖੇ ਇਕੱਠੀਆਂ ਪੰਚਾਇਤਾਂ, ਪਿੰਡ ਵਾਸੀਆਂ ਅਤੇ ਮੁਸਲਿਮ ਭਾਈਚਾਰੇ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ, ਜਿਸ ਵਿੱਚ ਕੁਝ ਦਿਨ ਪਹਿਲਾਂ ਪਿੰਡ ਵਿੱਚ ਗਊ ਵੰਸ਼ ਹੱਤਿਆ ਮਾਮਲੇ ਵਿੱਚ ਫੜੇ ਗਏ ਵਿਅਕਤੀ ਨੂੰ ਪੂਰੇ ਪਰਿਵਾਰ ਸਮੇਤ ਪਿੰਡੋਂ ਬਾਹਰ ਜਾਣ ਖਿਲਾਫ ਮਤਾ ਪਾਸ ਕੀਤਾ ਗਿਆ ਹੈ।ਇਸ ਮੌਕੇ ਵੱਡੇ ਇਕੱਠ ਵਿੱਚ ਪਿੰਡ ਮੋੜ ਨਾਭਾ ਸਮੇਤ ਇਕੱਠੀਆਂ ਪੰਚਾਇਤਾਂ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਗਊਆਂ ਦੇ ਬੱਚਿਆਂ ਦੀ ਹੱਤਿਆ ਕੀਤੀ ਗਈ ਸੀ। ਜਿਸ ਨੂੰ ਲੈ ਕੇ ਸਾਰੇ ਪਿੰਡ ਅਤੇ ਗਊ ਸੁਰੱਖਿਆ ਨੇ ਇਸ ਮਾਮਲੇ ਲਈ ਪੁਲਿਸ ਕਾਰਵਾਈ ਕਰਾਉਂਦੇ ਹੋਇਆਂ । ਉਸ ਵਿਅਕਤੀ ਖਿਲਾਫ ਮਾਮਲਾ ਵੀ ਦਰਜ ਕਰਵਾ ਦਿੱਤਾ ਸੀ। ਪਰ ਉਸ ਦੇ ਜਮਾਨਤ ਤੇ ਵਾਪਸ ਪਿੰਡ ਪਹੁੰਚਣ ਤੋਂ ਬਾਅਦ ਇਕੱਠੀਆਂ ਪਿੰਡ ਪੰਚਾਇਤਾਂ ਨੇ ਉਸ ਨੂੰ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ ਛੱਡ ਕੇ ਜਾਂ ਦਾ ਮਤਾ ਪਾਸ ਕਰ ਦਿੱਤਾ।
ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਸੀਤਾ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਇਕਬਾਲ ਮੁਹੰਮਦ ਖਾਨ ਸਮੇਤ ਪਿੰਡ ਵਾਸੀਆਂ ਅਤੇ ਪਿੰਡ ਪੰਚਾਇਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਵਿੱਚ ਹੋਈ ਇਸ ਗਊ ਵੰਸ਼ ਹੱਤਿਆ ਮਾਮਲੇ ਨੂੰ ਲੈ ਕੇ ਪਿੰਡ ਦਾ ਨਾਮ ਬਹੁਤ ਬਦਨਾਮ ਹੋ ਚੁੱਕਿਆ ਹੈ। ਇਸ ਘਟਨਾ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ। ਪਿੰਡ ਦੀ ਭਲਾਈ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਅੱਜ ਗਊ ਵੰਸ਼ ਹੱਤਿਆ ਮਾਮਲੇ ਵਿੱਚ ਫੜੇ ਗਏ ਵਿਅਕਤੀ ਨੂੰ ਪਿੰਡੋ ਬਾਹਰ ਜਾਣ ਦਾ ਮਤਾ ਪਾਸ ਕੀਤਾ ਗਿਆ ਹੈ ਤਾਂ ਜੋ ਪਿੰਡ ਵਿੱਚ ਅਮਨ ਸ਼ਾਂਤੀ ਬਣੀ ਰਹੇ। ਇਸ ਮਤੇ ਵਿੱਚ ਉਹਨਾਂ ਵੱਲੋਂ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਪੰਚਾਇਤ ਨੇ ਉਸ ਦੇ ਘਰ ਵਿੱਚ ਜਾ ਕੇ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ।
ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਗਊ ਵੰਸ਼ ਹੱਤਿਆ ਮਾਮਲੇ ਵਿੱਚੋਂ ਜਮਾਨਤ ਤੇ ਰਿਹਾ ਹੋ ਕੇ ਪਿੰਡ ਵਾਪਸ ਪਰਤੇ ਆਸ਼ੂ ਖਾਨ ਨੇ ਕਿਹਾ ਕਿ ਇਹ ਫੈਸਲਾ ਉਹਨਾਂ ਲਈ ਬਹੁਤ ਹੀ ਧੱਕੇਸ਼ਾਹੀ ਵਾਲਾ ਫੈਸਲਾ ਹੈ। ਉਹ ਪਿਛਲੇ 20 ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ, ਉਹਨਾਂ ਨੇ ਅੱਜ ਤੱਕ ਕੋਈ ਵੀ ਪਿੰਡ ਵਿੱਚ ਗਲਤ ਕੰਮ ਨਹੀਂ ਕੀਤਾ। ਉਹ ਇੱਕ ਰਾਜਨੀਤਿਕ ਪਾਰਟੀ ਨਾਲ ਵੀ ਸਬੰਧ ਰੱਖਦੇ ਹਨ। ਪਿੰਡ ਵਿੱਚ ਰਾਜਨੀਤਿਕ ਤੌਰ ਤੇ ਉਸਤੇ ਝੂਠਾ ਅਤੇ ਬੇ-ਬੁਨਿਆਦ ਪਰਚਾ ਦਰਜ ਹੋਇਆ ਹੈ। ਜਿਸ ਨੂੰ ਲੈ ਕੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜਮਾਨਤ ਦੇ ਦਿੱਤੀ ਹੈ ਅਤੇ ਜੋ ਵੀ ਫੈਸਲਾ ਮਾਣਯੋਗ ਅਦਾਲਤ ਦਾ ਆਵੇਗਾ ਉਸ ਨੂੰ ਮਨਜ਼ੂਰ ਹੋਵੇਗਾ।
ਉਹ ਇੱਕ ਵੱਡੇ ਪਰਿਵਾਰ ਸਮੇਤ ਇੱਥੇ ਰਹਿ ਰਹੇ ਹਨ। ਜਿਸ ਵਿੱਚ ਉਹ ਆਪਣੀ ਪਤਨੀ ਸਮੇਤ 6 ਲੜਕੀਆਂ ਅਤੇ 2 ਲੜਕੇ ਕੁੱਲ 8 ਬੱਚਿਆਂ ਨਾਲ ਇਸ ਪਿੰਡ ਵਿੱਚ ਰਹਿ ਰਹੇ ਹਨ। ਉਹਨਾਂ ਕਿਹਾ ਕਿ ਜੋ ਵੀ ਫੈਸਲਾ ਲਿਆ ਗਿਆ ਹੈ ਉਸ ਨੂੰ ਉਹ ਸਰਾਸਰ ਧੱਕੇਸ਼ਾਹੀ ਕਰਾਰ ਦਿੰਦੇ ਹਨ। ਇਸ ਫੈਸਲੇ ਨਾਲ ਸਾਰੇ ਪਰਿਵਾਰ ਸਮੇਤ ਬੱਚਿਆਂ ਦੀ ਜ਼ਿੰਦਗੀ ਤੇ ਵੀ ਪ੍ਰਭਾਵ ਪਵੇਗਾ।