Washington, D.C.: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪੰਜ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਅਹਿਮ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ, ”ਬੰਗਲਾਦੇਸ਼ ‘ਚ ਹਿੰਦੂਆਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੇ ਖਿਲਾਫ ਵਹਿਸ਼ੀ ਹਿੰਸਾ ਦੀ ਸਖਤ ਨਿੰਦਾ ਕਰਦਾ ਹਾਂ। ਭੀੜ ਉਨ੍ਹਾਂ ‘ਤੇ ਹਮਲੇ ਕਰ ਰਹੀ ਹੈ, ਲੁੱਟਮਾਰ ਕਰ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਅਰਾਜਕਤਾ ਦੀ ਸਥਿਤੀ ਹੈ।’‘
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹਾ ਕਦੇ ਨਹੀਂ ਹੁੰਦਾ। ਕਮਲਾ ਹੈਰਿਸ ਅਤੇ ਬਿਡੇਨ ‘ਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇਜ਼ਰਾਈਲ ਤੋਂ ਲੈ ਕੇ ਯੂਕ੍ਰੇਨ ਅਤੇ ਸਾਡੀ ਆਪਣੀ ਦੱਖਣੀ ਸਰਹੱਦ ਤੱਕ ਤਬਾਹੀ ਮਚਾ ਚੁੱਕੇ ਹਨ, ਪਰ ਅਸੀਂ ਅਮਰੀਕਾ ਨੂੰ ਮੁੜ ਮਜ਼ਬੂਤ ਬਣਾਵਾਂਗੇ ਅਤੇ ਤਾਕਤ ਰਾਹੀਂ ਸ਼ਾਂਤੀ ਲਿਆਵਾਂਗੇ।
ਟਰੰਪ ਨੇ ਪਹਿਲੀ ਵਾਰ ਬੰਗਲਾਦੇਸ਼ ਮੁੱਦੇ ‘ਤੇ ਟਿੱਪਣੀ ਕੀਤੀ ਹੈ। 5 ਅਗਸਤ ਨੂੰ ਬੰਗਲਾਦੇਸ਼ ਵਿੱਚ ਵਿਦਿਆਰਥੀਆਂ ਅਤੇ ਕੱਟੜਪੰਥੀਆਂ ਦੇ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦੂ ਭਾਈਚਾਰੇ ਸਮੇਤ ਘੱਟ ਗਿਣਤੀਆਂ ਵਿਰੁੱਧ ਵੱਡੀ ਗਿਣਤੀ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ।
ਟਰੰਪ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸੱਤਾ ‘ਚ ਆਏ ਤਾਂ ਉਹ ਕੱਟੜਪੰਥੀ ਖੱਬੇ ਪੱਖੀਆਂ ਦੇ ਧਰਮ ਵਿਰੋਧੀ ਏਜੰਡੇ ਤੋਂ ਹਿੰਦੂ ਅਮਰੀਕੀਆਂ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ “ਅਸੀਂ ਉਨ੍ਹਾਂ ਦੀ ਆਜ਼ਾਦੀ ਲਈ ਲੜਾਂਗੇ। ਅਸੀਂ ਭਾਰਤ ਅਤੇ ਮੇਰੇ ਚੰਗੇ ਦੋਸਤ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਮਹਾਨ ਸਾਂਝੇਦਾਰੀ ਨੂੰ ਵੀ ਮਜ਼ਬੂਤ ਕਰਾਂਗੇ।’‘
ਜ਼ਿਕਰਯੋਗ ਹੈ ਕਿ ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਚੋਣ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਸਖਤ ਮੁਕਾਬਲਾ ਹੈ।
ਹਿੰਦੂਸਥਾਨ ਸਮਾਚਾਰ