Chandigarh News: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਥੇਦਾਰ ‘ਤੇ ਦਿੱਤੇ ਵਿਵਾਦਤ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਕੰਗ ਨੇ ਵੜਿੰਗ ਨੂੰ ਸਵਾਲ ਕਰਦਿਆਂ ਕਿਹਾ ਕੀ ਤੁਹਾਡਾ ਮਤਲਬ ਇਹ ਹੈ ਕਿ ਜਥੇਦਾਰ ਭਾਜਪਾ ਅਤੇ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ?
ਕੰਗ ਨੇ ਕਿਹਾ ਕਿ ਉਨ੍ਹਾਂ ਨੇ ਰਾਜਾ ਵੜਿੰਗ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਹ ਕਹਿ ਰਹੇ ਹਨ, “ਅਕਾਲ ਤਖ਼ਤ ਦੇ ਜਥੇਦਾਰ ਬਾਦਲ ਪਰਿਵਾਰ ਦੀ ਲਿਖੀ ਹੋਈ ਸਕਰਿਪਟ ‘ਤੇ ਕੰਮ ਕਰ ਰਹੇ ਹਨ। ਬਾਦਲ ਪਰਿਵਾਰ ਖੁਦ ਭਾਜਪਾ ਨੂੰ ਜਿਤਾਉਣ ਲਈ ਚੋਣ ਨਹੀਂ ਲੜ ਰਿਹਾ ਕਿਉਂਕਿ ਭਾਜਪਾ ਦਾ ਉਮੀਦਵਾਰ ਮਨਪ੍ਰੀਤ ਬਾਦਲ ਹਨ।
ਕੰਗ ਨੇ ਕਿਹਾ ਕਿ ਭਾਵੇਂ ਰਾਜਾ ਵੜਿੰਗ ਨੇ ਮੁਆਫੀ ਮੰਗ ਲਈ ਹੈ ਪਰ ਉਨ੍ਹਾਂ ਦਾ ਇਹ ਬਿਆਨ ਕਾਂਗਰਸ ਪਾਰਟੀ ਦੇ ਇਰਾਦਿਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਲੋਕਾਂ ਨੇ ਹਮੇਸ਼ਾ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਸੋਚ ਸ਼ੁਰੂ ਤੋਂ ਹੀ ਮਾੜੀ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਚਲਾਉਣ ਅਤੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਕਾਂਗਰਸ ਦੇ ਲੋਕ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਬਾਦਲ, ਕਾਂਗਰਸ ਅਤੇ ਬੀਜੇਪੀ, ਤਿੰਨਾਂ ਨੇ ਪੰਥ ਦੇ ਖਿਲਾਫ ਕੰਮ ਕੀਤਾ ਹੈ ਅਤੇ ਦਹਾਕਿਆਂ ਤੱਕ ਮਿਲ ਕੇ ਪੰਜਾਬ ‘ਤੇ ਰਾਜ ਕੀਤਾ ਹੈ।
ਇਹ ਸਭ ਆਪਸ ‘ਚ ਮਿਲੇ ਹੋਏ ਹਨ। ਇਹ ਲੋਕ ਪੰਥ, ਪੰਜਾਬ ਅਤੇ ਸਿੱਖਾਂ ਦੀ ਗੱਲ ਸਿਰਫ਼ ਆਪਣੇ ਸਿਆਸੀ ਲਾਹੇ ਲਈ ਕਰਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ। ਕੰਗ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਮੇਸ਼ਾ ਸਤਕਾਰਯੋਗ ਰਹੇ ਹਨ ਅਤੇ ਹਮੇਸ਼ਾ ਰਹਿਣਗੇ। ਇਹ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਨ੍ਹਾਂ ਤੇ ਕੋਈ ਆਂਚ ਨਹੀਂ ਆਵੇਗੀ।
ਹਿੰਦੂਸਥਾਨ ਸਮਾਚਾਰ