BREAKING: ਪੰਜਾਬ ਵਿੱਚ DAP ਦੀ ਸਮੇਂ ਸਿਰ ਸਪਲਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਐਕਸ਼ਨ ਇਸ ਸਬੰਧੀ ਉਹ ਅੱਜ ਦਿੱਲੀ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਜੇਪੀ ਨੱਡਾ ਕੋਲ ਡੀਏਪੀ ਦੀ ਸਪਲਾਈ ਦਾ ਮੁੱਦਾ ਉਠਾਉਣਗੇ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਏਪੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ।
ਦਸ ਦਇਏ ਕਿ ਪੰਜਾਬ ਵਿੱਚ ਡੀਏਪੀ ਖਾਦ ਦਾ ਸੰਕਟ ਜਾਰੀ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਕੇਂਦਰ ਨੂੰ ਕਈ ਵਾਰ ਪੱਤਰ ਲਿਖ ਕੇ ਇਸ ਬਾਰੇ ਜਾਣੂ ਕਰਵਾਇਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਡੀਏਪੀ ਖਾਦ ਦੀ ਸਪਲਾਈ ਦੇ ਮੁੱਦੇ ‘ਤੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਹਿੱਸੇ ਦੀ ਡੀਏਪੀ ਖਾਦ ਨਹੀਂ ਮਿਲ ਰਹੀ ਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪਹਿਲ ਹੈ ਅਤੇ ਇਸ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਕੇਂਦਰ ਸਰਕਾਰ DAP ਖਾਦ ਦਿੰਦੀ ਹੈ
ਸੂਬੇ ਵਿੱਚ ਆਲੂ ਅਤੇ ਕਣਕ ਦੀ ਬਿਜਾਈ ਲਈ ਖਾਦ ਜ਼ਰੂਰੀ ਹੈ। ਹਾਲ ਹੀ ਵਿੱਚ ਖੁਦ ਸੀਐਮ ਮਾਨ ਨੇ ਵੀ ਕੇਂਦਰੀ ਮੰਤਰੀ ਨਾਲ ਇਸ ਮਾਮਲੇ ਵਿੱਚ ਫੋਨ ਉੱਤੇ ਗੱਲ ਕੀਤੀ ਸੀ, ਇੱਥੋਂ ਤੱਕ ਕਿ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਕੇਂਦਰ ਸਰਕਾਰ ਖੁਦ ਰਾਜਾਂ ਨੂੰ ਡੀਏਪੀ ਖਾਦ ਦਿੰਦੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਇਸ ਵਾਰ ਸੂਬੇ ਵਿੱਚ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣੀ ਹੈ। ਅਜਿਹੀ ਸਥਿਤੀ ਵਿੱਚ ਖਾਦ ਦੀ ਲੋੜ ਹੁੰਦੀ ਹੈ। ਭਾਵੇਂ ਵਿਭਾਗ ਨੇ ਇੱਕ ਲੱਖ ਮੀਟ੍ਰਿਕ ਟਨ ਦਾ ਸਟਾਕ ਰੱਖਿਆ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਬਾਕੀ ਬਚੇ ਕੁਝ ਰੈਕ ਆਉਣ ਦੀ ਸੰਭਾਵਨਾ ਹੈ।
16 ਜ਼ਿਲ੍ਹਿਆਂ ਵਿੱਚ ਘਟੀਆ ਖਾਦ ਦੀ ਸਪਲਾਈ ਖ਼ਿਲਾਫ਼ ਕਾਰਵਾਈ ਕੀਤੀ ਗਈ
ਹਾਲ ਹੀ ਵਿੱਚ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਡੀਏਪੀ ਖਾਦ ਦੇ ਨਮੂਨੇ ਫੇਲ੍ਹ ਹੋਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਸੀ। ਇਹ ਕਾਰਵਾਈ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਘਟੀਆ ਸਪਲਾਈ ਕਰਨ ਵਾਲੀਆਂ ਦੋਵੇਂ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਖੇਤੀਬਾੜੀ ਵਿਭਾਗ ਨੇ ਰਾਜ ਦੇ 16 ਜ਼ਿਲ੍ਹਿਆਂ ਵਿੱਚ ਡੀ ਅਮੋਨੀਅਮ ਫਾਸਫੇਟ (ਡੀਏਪੀ) ਖਾਦ ਦੇ 40 ਨਮੂਨੇ ਲੈਬ ਵਿੱਚ ਜਾਂਚ ਲਈ ਭੇਜੇ ਸਨ। ਇਨ੍ਹਾਂ ਵਿੱਚੋਂ 24 ਸੈਂਪਲ (60 ਫੀਸਦੀ) ਫੇਲ੍ਹ ਪਾਏ ਗਏ। 10 ਜੂਨ ਨੂੰ ਮੁਹਾਲੀ, ਖਰੜ ਅਤੇ ਆਸਪਾਸ ਦੇ ਇਲਾਕਿਆਂ ਵਿੱਚੋਂ ਖਾਦ ਦੇ ਸੱਤ ਸੈਂਪਲ ਲਏ ਗਏ ਸਨ, ਉਸ ਸਮੇਂ ਸਾਰੇ ਫੇਲ੍ਹ ਪਾਏ ਗਏ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੂਰੇ ਸੂਬੇ ਵਿੱਚ ਜਾਂਚ ਦੇ ਹੁਕਮ ਦਿੱਤੇ ਸਨ।