Chandigarh News: ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਕਰਵਾਉਣ ਦੇ ਮਾਮਲੇ’ਚ ਸੱਤ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਇਹ ਕਾਰਵਾਈ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਕੀਤੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਐਸਆਈਟੀ ਦੀ ਰਿਪੋਰਟ ਮੁਤਾਬਕ ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2022 ਨੂੰ ਹੋਇਆ। ਲਾਰੈਂਸ ਉਸ ਸਮੇਂ ਪੰਜਾਬ ਦੇ ਖਰੜ ਸਥਿਤ ਸੀ.ਆਈ.ਏ. ਵਿੱਚ ਸੀ। ਦੂਜੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਸਥਿਤ ਕੇਂਦਰੀ ਜੇਲ੍ਹ ਵਿੱਚ ਹੋਈ।
ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ, 2023 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਵੜ ਰਿਹਾ ਸੀ। ਗੈਂਗਸਟਰ ਲਾਰੈਂਸ ਦੇ ਇੰਟਰਵਿਊ ਸਾਲ 2023 ਵਿੱਚ 14 ਅਤੇ 17 ਮਾਰਚ ਨੂੰ ਜਾਰੀ ਕੀਤੇ ਗਏ ਸਨ।ਜਿਸ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਸੀ। ਜਿਸ ਤੋਂ ਬਾਅਦ ਜਾਂਚ ‘ਚ ਸਪੱਸ਼ਟ ਹੋ ਗਿਆ ਕਿ ਲਾਰੈਂਸ ਦੀ ਇੰਟਰਵਿਊ ਖਰੜ ‘ਚ ਹੋਈ ਸੀ। ਇਸ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਚ ਕਾਰਵਾਈ ਕਰਕੇ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਸ਼ੁੱਕਰਵਾਰ ਰਾਤ ਪੰਜਾਬ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਇੱਕ ਹੁਕਮ ਜਾਰੀ ਕਰਕੇ ਡੀਐਸਪੀ ਗੁਰਸ਼ੇਰ ਸਿੰਘ (ਅੰਮ੍ਰਿਤਸਰ ਸਥਿਤ 9 ਬਟਾਲੀਅਨ), ਡੀਐਸਪੀ ਸਮਰ ਵਨੀਤ, ਸਬ ਇੰਸਪੈਕਟਰ ਰੀਨਾ (ਸੀਆਈਏ ਖਰੜ ਵਿੱਚ ਤਾਇਨਾਤ), ਸਬ ਇੰਸਪੈਕਟਰ ਜਗਤਪਾਲ ਜੰਗੂ (ਏ.ਜੀ.ਟੀ.ਐੱਫ. ’ਚ ਤਾਇਨਾਤ), ਸਬ-ਇੰਸਪੈਕਟਰ ਸ਼ਗਨਜੀਤ ਸਿੰਘ (ਏ.ਜੀ.ਟੀ.ਐੱਫ.), ਏ.ਐੱਸ.ਆਈ. ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਿਲ ਹਨ। ਹੁਣ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਰਿਪੋਰਟ ਦਾਇਰ ਕਰੇਗੀ।
ਹਿੰਦੂਸਥਾਨ ਸਮਾਚਾਰ