Chandigarh News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੱਖਵਾਦੀ ਅੱਤਵਾਦੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੀਆਂ ਤਿੰਨ ਜਾਇਦਾਦਾਂ ਕੁਰਕ ਕੀਤੀਆਂ ਹਨ। NIA ਮੁਤਾਬਕ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਛੇ ਵੱਖ-ਵੱਖ ਮਾਮਲਿਆਂ ‘ਚ ਜਾਂਚ ਚੱਲ ਰਹੀ ਹੈ। ਇਸ ਸਬੰਧੀ ਐਨਆਈਏ ਨੇ ਚੰਡੀਗੜ੍ਹ ਵਿੱਚ ਤਿੰਨ ਜਾਇਦਾਦਾਂ ਕੁਰਕ ਕੀਤੀਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਵੀ ਕੁਝ ਜ਼ਮੀਨ ਕੁਰਕ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਅਟੈਚ ਕੀਤੀਆਂ ਤਿੰਨ ਜਾਇਦਾਦਾਂ ਵਿੱਚੋਂ ਇੱਕ ਅਪਾਰਟਮੈਂਟ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 46 ਕਨਾਲ ਅਤੇ ਪਠਾਨਕੋਟ ਵਿੱਚ 11 ਅਤੇ 13 ਕਨਾਲ ਜ਼ਮੀਨ ਵੀ ਜ਼ਬਤ ਕੀਤੀ ਗਈ ਹੈ। ਐਨਆਈਏ ਨੇ ਇਸ ਸਾਲ 15 ਅਕਤੂਬਰ ਤੱਕ ਕੁੱਲ 66 ਕੇਸ ਦਰਜ ਕੀਤੇ ਹਨ। ਗੁਰਪਤਵੰਤ ਸਿੰਘ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਅਮਰੀਕੀ ਨਾਗਰਿਕਤਾ ਰੱਖਦਾ ਹੈ। ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਨੂ ਵਿਦੇਸ਼ ਚਲਾ ਗਿਆ ਅਤੇ ਉਦੋਂ ਤੋਂ ਉਹ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਿਹਾ ਹੈ।
ਗੁਰਪਤਵੰਤ ਸਿੰਘ ਵਿਦੇਸ਼ਾਂ ਵਿੱਚ ਰਹਿ ਕੇ ਵੀ ਵੱਖਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ ‘ਤੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਵਿਰੁੱਧ ਜ਼ਹਿਰ ਉਗਲਦਾ ਰਹਿੰਦਾ ਹੈ। ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ(ISI) ਦੀ ਮਦਦ ਨਾਲ ਸਿੱਖ ਫਾਰ ਜਸਟਿਸ ਆਰਗੇਨਾਈਜ਼ੇਸ਼ਨ ਨਾਮਕ ਅੱਤਵਾਦੀ ਸੰਗਠਨ ਬਣਾਇਆ, ਜਿਸ ‘ਤੇ ਭਾਰਤ ਨੇ 2019 ‘ਚ ਪਾਬੰਦੀ ਲਗਾ ਦਿੱਤੀ ਸੀ।