Jalandhar News: ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ‘ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023’ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਅੰਦਰ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਅਵਾਜ਼ 10 ਡੀ.ਬੀ.(ਏ) ਅਤੇ ਲਾਊਡ ਸਪੀਕਰਾਂ, ਪਟਾਕਿਆਂ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੀ ਅਵਾਜ਼ ਤੈਅ ਸੀਮਾ ਤੱਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੁਲਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਹੱਦ ਨੇੜੇ ਪਟਾਕਿਆਂ ਅਤੇ ਲਾਊਡ ਸਪੀਕਰ ਆਦਿ ਦੀ ਆਵਾਜ਼ 10 ਡੀ.ਬੀ. (ਏ) ਤੋਂ ਵੱਧ ਨਾ ਹੋਵੇ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਢੋਲ ਜਾਂ ਭੋਂਪੂ , ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਨਹੀਂ ਵਜਾ ਸਕੇਗਾ ਅਤੇ ਡੀ.ਜੇ. ਮੈਰਿਜ ਪੈਲੇਸਾਂ ਤੇ ਹੋਟਲਾਂ ਵਿੱਚ ਵੀ ਇਹ ਹੁਕਮ ਲਾਗੂ ਹੋਣਗੇ। ਇਸੇ ਤਰ੍ਹਾਂ ਪ੍ਰਾਈਵੇਟ ਸਾਊਂਡ ਸਿਸਟਮ ਵਾਲਿਆਂ ਵੱਲੋਂ 5 ਡੀ.ਬੀ.(ਏ) ਤੋਂ ਵੱਧ ਆਵਾਜ਼ ਨਹੀਂ ਰੱਖੀ ਜਾਵੇਗੀ ਅਤੇ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਾਊਂਡ ਸਿਸਟਮ ਅਤੇ ਸਾਮਾਨ ਜਬਤ ਕੀਤਾ ਜਾ ਸਕੇਗਾ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਊਜ਼ਿਕ ਸਿਸਟਮ ਵਾਲੇ ਵਾਹਨ ਵਿਚੋਂ ਮਿਊਜ਼ਿਕ ਦੀ ਆਵਾਜ਼ ਵਾਹਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਪੁਲਿਸ ਕਮਿਸ਼ਨਰ ਵੱਲੋਂ ਸਾਈਬਰ ਕ੍ਰਾਈਮ ਨੂੰ ਰੋਕਣ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਇਲ ਫੋਨ ਅਤੇ ਸਿਮ ਵਿਕਰੇਤਾ, ਮੋਬਾਇਲ ਫੋਨ ਅਤੇ ਸਿਮ ਵੇਚਦੇ ਸਮੇਂ ਖ਼ਰੀਦਦਾਰ ਪਾਸੋਂ ਪਛਾਣ ਪੱਤਰ/ਆਈ.ਡੀ. ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਇਲ ਫੋਨ ਅਤੇ ਸਿਮ ਨਹੀਂ ਵੇਚਣਗੇ ਅਤੇ ਮੋਬਾਇਲ ਫੋਨ ਨੂੰ ਗਾਹਕ/ਵਿਕਰੇਤਾ ਪਾਸੋਂ ਖ਼ਰੀਦ ਕਰਨ ਸਮੇਂ ਗਾਹਕ/ਵਿਕਰੇਤਾ ਨੂੰ ਵੀ ਆਪਣੀ ਫਰਮ ਦੀ ਮੋਹਰ ਅਤੇ ਦਸਤਖ਼ਤਾਂ ਹੇਠ ‘ਪ੍ਰਚੇਜ਼ ਸਰਟੀਫਿਕੇਟ’ ਦੇਣਗੇ।
ਇਸ ਤੋਂ ਇਲਾਵਾ ਫੋਨ ਖ਼ਰੀਦਣ ਸਮੇਂ ਖ਼ਰੀਦਦਾਰ ਜਾਂ ਕੋਈ ਉਸਦਾ ਰਿਸ਼ਤੇਦਾਰ/ਜਾਣਕਾਰ ਵਿਅਕਤੀ, ਜਿਸ ਦੇ ਅਕਾਊਂਟ ਵਿਚੋਂ ਯੂ.ਪੀ.ਆਈ. ਪੇਮੈਂਟ ਜਾਂ ਕਾਰਡ ਦੁਆਰਾ ਜਾਂ ਆਨ-ਲਾਈਨ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈ.ਡੀ. ਪਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜ਼ਿੰਮੇਵਾਰ ਹੋਣਗੇ ਅਤੇ ਗਾਹਕ ਦਾ ਨਾਮ ਅਤੇ ਜਨਮ ਮਿਤੀ, ਪਿਤਾ ਦਾ ਨਾਮ, ਘਰ ਦਾ ਪੂਰਾ ਪਤਾ, ਜਿਸ ਨੂੰ ਫੋਨ ਜਾਂ ਸਿਮ ਵੇਚਿਆ ਹੈ ਜਾਂ ਜਿਸ ਪਾਸੋਂ ਫੋਨ ਖ਼ਰੀਦਿਆ ਹੈ ਉਸ ਦਾ ਆਈ.ਡੀ. ਪਰੂਫ, ਮੋਬਾਇਲ ਅਤੇ ਸਿਮ ਖਰੀਦਣ ਵਾਲੇ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖ਼ਤ, ਮੋਬਾਇਲ ਫੋਨ ਵੇਚਣ/ਖਰੀਦਣ ਦੀ ਮਿਤੀ ਅਤੇ ਸਮਾਂ, ਜਿਸ ਵਿਅਕਤੀ ਦੇ ਅਕਾਊਂਟ ਵਿਚੋਂ ਪੇਮੈਂਟ ਹੋਈ ਹੈ ਉਸ ਵਿਅਕਤੀ ਦਾ ਆਈ.ਡੀ.ਪਰੂਫ ਅਤੇ ਗ੍ਰਾਹਕ ਦੀ ਫੋਟੋ ਅਨੁਸਾਰ ਰਿਕਾਰਡ ਰਜਿਸਟਰ ਮੈਨਟੇਨ ਕਰਨਗੇ। ਪੁਲਿਸ ਕਮਿਸ਼ਨਰ ਨੇ ਇਕ ਹੋਰ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ, ਹਸਪਤਾਲ, ਭੀੜ ਵਾਲੇ ਬਾਜ਼ਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾਂ ਬਾਹਰ ) ਸੀ.ਸੀ.ਟੀ.ਵੀ.ਕੈਮਰੇ ਲਗਾਏ ਬਿਨਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ.ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ ਆਉਂਦਾ-ਜਾਂਦਾ ਹੈ, ਉਸ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ ਅਤੇ ਇਸ ਸਬੰਧੀ ਲਗਾਏ ਗਏ ਸੀ.ਸੀ.ਟੀ.ਵੀ.ਕੈਮਰਿਆਂ ਦੀ 45 ਦਿਨ ਦੀ ਰਿਕਾਰਡਿੰਗ ਦੀ ਸੀ.ਡੀ.ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਕਿਓਰਿਟੀ ਬ੍ਰਾਂਚ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਚ ਜਮ੍ਹਾ ਕਰਵਾਈ ਜਾਵੇ ।
ਇਸੇ ਤਰ੍ਹਾਂ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜ੍ਹਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸ ਦਾ ਇੰਦਰਾਜ ਵਾਹਨ ਮਾਲਕ ਦਾ ਨਾਮ, ਮੋਬਾਇਲ ਨੰਬਰ, ਆਈ.ਡੀ., ਵਾਹਨ ਦੀ ਕਿਸਮ, ਰਜਿਸਟ੍ਰੇਸ਼ਨ ਨੰਬਰ, ਚੈਸੀ ਨੰਬਰ, ਇੰਜਣ ਨੰਬਰ, ਵਾਹਨ ਪਾਰਕ ਕਰਨ ਦੀ ਮਿਤੀ ਅਤੇ ਵਾਹਨ ਵਾਪਸ ਲੈਣ ਦੀ ਮਿਤੀ ਦਰਜ ਕਰਨ ਤੋਂ ਇਲਾਵਾ ਵਾਹਨ ਮਾਲਕ ਦੇ ਰਜਿਸਟਰ ਉਪਰ ਦਸਤਖਤ ਕਰਵਾਏ ਜਾਣ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਾਹਨ ਇੱਕ ਦਿਨ ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੋਵੇ ਤਾਂ ਉਸ ਦਾ ਇੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਵਾਹਨ ਮਾਲਕ ਪਾਸੋਂ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਲੈ ਕੇ ਬਤੌਰ ਰਿਕਾਰਡ ਰੱਖੀ ਜਾਵੇ। ਇਸ ਤੋਂ ਇਲਾਵਾ ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਿਆਂ ਤੋਂ ਕਰਵਾਈ ਜਾਵੇ। ਉਪਰੋਕਤ ਇਹ ਸਾਰੇ ਹੁਕਮ 23.12.2024 ਤੱਕ ਲਾਗੂ ਰਹਿਣਗੇ।
ਹਿੰਦੂਸਥਾਨ ਸਮਾਚਾਰ