West Bengal: ਚੱਕਰਵਾਤੀ ਤੂਫਾਨ ‘ਦਾਨਾ’ ਦੇ ਲੈਂਡਫਾਲ ਤੋਂ ਬਾਅਦ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟਵਰਤੀ ਖੇਤਰਾਂ ‘ਚ ਭਾਰੀ ਬਾਰਿਸ਼ ਹੋਈ ਹੈ। ਇਸ ਤੂਫਾਨ ਦਾ ‘ਲੈਂਡਫਾਲ’ ਵੀਰਵਾਰ ਰਾਤ 11:12 ਵਜੇ ਸ਼ੁਰੂ ਹੋਇਆ। ਇਹ ਸ਼ੁੱਕਰਵਾਰ ਸਵੇਰੇ ਵੀ ਜਾਰੀ ਹੈ। ਇਹ ਤੂਫਾਨ ਓਡੀਸ਼ਾ ਦੇ ਧਾਮਰਾ ਅਤੇ ਭੀਤਰਕਣਿਕਾ ਦੇ ਵਿਚਕਾਰ ਜ਼ਮੀਨ ਨਾਲ ਟਕਰਾਇਆ। ਚੱਕਰਵਾਤ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਅੱਜ ਸਵੇਰੇ 10:00 ਵਜੇ ਦੇ ਆਸਪਾਸ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ।
ਅਲੀਪੁਰ ਮੌਸਮ ਵਿਭਾਗ ਮੁਤਾਬਕ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਅਤੇ ਦੱਖਣੀ 24 ਪਰਗਨਾ ਜ਼ਿਲਿਆਂ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈ ਰਿਹਾ ਹੈ। ਵੀਰਵਾਰ ਰਾਤ ਤੱਕ ਕੋਲਕਾਤਾ ‘ਚ ਇਸ ਦਾ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਸਿਰਫ਼ ਹਲਕੀ ਬਾਰਿਸ਼ ਹੋਈ। ਪੂਰਬੀ ਮੇਦਿਨੀਪੁਰ ਅਤੇ ਆਸਪਾਸ ਦੇ ਤੱਟਵਰਤੀ ਖੇਤਰਾਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਤੂਫਾਨ ਕਾਰਨ ਦੀਘਾ ਅਤੇ ਮੰਦਰਮਣੀ ਵਰਗੇ ਸੈਰ-ਸਪਾਟਾ ਸਥਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਉਥੋਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ ਕਿ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰਾਂ ਵਿੱਚ 9 ਤੋਂ 14 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।
ਚੱਕਰਵਾਤੀ ਤੂਫਾਨ ‘ਦਾਨਾ’ ਕਾਰਨ ਹਾਵੜਾ, ਹੁਗਲੀ ਅਤੇ ਉੱਤਰੀ 24 ਪਰਗਨਾ ‘ਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੂਰਬੀ ਮੇਦਿਨੀਪੁਰ, ਦੱਖਣੀ 24 ਪਰਗਨਾ ਅਤੇ ਪੱਛਮੀ ਮੇਦਿਨੀਪੁਰ ਲਈ ਅੱਜ ਅਤੇ ਕੱਲ੍ਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਝਾੜਗ੍ਰਾਮ ਜ਼ਿਲੇ ‘ਚ ਵੀ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਤ ਭਰ ਸਕੱਤਰੇਤ ਤੋਂ ਸਥਿਤੀ ‘ਤੇ ਨਜ਼ਰ ਰੱਖੀ।
ਹਿੰਦੂਸਥਾਨ ਸਮਾਚਾਰ