New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਵੀਰਵਾਰ ਨੂੰ 6,798 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਰੇਲ ਮੰਤਰਾਲੇ ਦੇ ਦੋ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ 8 ਜ਼ਿਲਿਆਂ ਨੂੰ ਕਵਰ ਕਰਨਗੇ। ਇਹ ਪ੍ਰਾਜੈਕਟ ਅਗਲੇ ਪੰਜ ਸਾਲਾਂ ਵਿੱਚ ਮੁਕੰਮਲ ਕੀਤੇ ਜਾਣਗੇ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਮੀਡੀਆ ਸੈਂਟਰ ਵਿੱਚ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉੱਤਰੀ ਬਿਹਾਰ ਨੂੰ ਰੇਲਵੇ ਬੁਨਿਆਦੀ ਢਾਂਚਾ ਅਤੇ ਉੱਤਰ-ਪੂਰਬੀ ਰਾਜਾਂ ਨੂੰ ਰਣਨੀਤਕ ਸੰਪਰਕ ਪ੍ਰਦਾਨ ਕਰਨ ਲਈ ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ ਰੇਲਵੇ ਲਾਈਨ ਨੂੰ ਦੁੱਗਣਾ ਕਰਨ ਦੇ ਵੱਡੇ ਪ੍ਰੋਜੈਕਟ ਨੂੰ ਅੱਜ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 4553 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਰੇਲਵੇ ਲਾਈਨ ਨੂੰ ਦੁੱਗਣਾ ਕਰਨ ਨਾਲ ਉੱਤਰ ਪ੍ਰਦੇਸ਼ ਅਤੇ ਉੱਤਰੀ ਬਿਹਾਰ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਅਮਰਾਵਤੀ ਰਾਹੀਂ ਏਰੁਪਾਲੇਮ ਅਤੇ ਨੰਬੁਰੂ ਵਿਚਕਾਰ 57 ਕਿਲੋਮੀਟਰ ਲੰਬੀ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਰੇਲ ਲਾਈਨ ਪ੍ਰੋਜੈਕਟ ਏਰੁਪਾਲੇਮ-ਅਮਰਾਵਤੀ-ਨੰਬੁਰੂ ਆਂਧਰਾ ਪ੍ਰਦੇਸ਼ ਦੇ ਐਨਟੀਆਰ ਵਿਜੇਵਾੜਾ ਅਤੇ ਗੁੰਟੂਰ ਜ਼ਿਲ੍ਹਿਆਂ ਅਤੇ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਵਿੱਚੋਂ ਲੰਘੇਗੀ। ਨਵੀਂ ਲਾਈਨ ਆਂਧਰਾ ਪ੍ਰਦੇਸ਼ ਦੀ ਪ੍ਰਸਤਾਵਿਤ ਰਾਜਧਾਨੀ ਅਮਰਾਵਤੀ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗੀ।
ਵੈਸ਼ਨਵ ਨੇ ਕਿਹਾ ਕਿ ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ ਸੈਕਸ਼ਨ ਨੂੰ ਦੁੱਗਣਾ ਕਰਨ ਨਾਲ ਨੇਪਾਲ, ਉੱਤਰ-ਪੂਰਬੀ ਭਾਰਤ ਅਤੇ ਸਰਹੱਦੀ ਖੇਤਰਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ ਅਤੇ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਨੂੰ ਵੀ ਸੁਵਿਧਾਜਨਕ ਬਣਾਇਆ ਜਾਵੇਗਾ, ਜਿਸ ਨਾਲ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ। ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ 8 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਦੋ ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿੱਚ ਲਗਭਗ 313 ਕਿਲੋਮੀਟਰ ਦਾ ਵਾਧਾ ਕਰਨਗੇ। ਨਵੀਂ ਲਾਈਨ ਪ੍ਰੋਜੈਕਟ 9 ਨਵੇਂ ਸਟੇਸ਼ਨਾਂ ਨਾਲ ਲਗਭਗ 168 ਪਿੰਡਾਂ ਅਤੇ ਲਗਭਗ 12 ਲੱਖ ਆਬਾਦੀ ਨੂੰ ਸੰਪਰਕ ਪ੍ਰਦਾਨ ਕਰੇਗਾ। ਮਲਟੀ-ਟ੍ਰੈਕਿੰਗ ਪ੍ਰੋਜੈਕਟ ਦੋ ਅਭਿਲਾਸ਼ੀ ਜ਼ਿਲ੍ਹਿਆਂ (ਸੀਤਾਮੜੀ ਅਤੇ ਮੁਜ਼ੱਫਰਪੁਰ) ਵਿੱਚ ਸੰਪਰਕ ਵਧਾਏਗਾ, ਜੋ ਲਗਭਗ 388 ਪਿੰਡਾਂ ਅਤੇ ਲਗਭਗ 9 ਲੱਖ ਆਬਾਦੀ ਨੂੰ ਸੇਵਾ ਪ੍ਰਦਾਨ ਕਰੇਗਾ।
ਹਿੰਦੂਸਥਾਨ ਸਮਾਚਾਰ