Mumbai News: ਮੁੰਬਈ ਟ੍ਰੈਫਿਕ ਪੁਲਸ ਹੈਲਪਲਾਈਨ ‘ਤੇ ਧਮਕੀ ਭਰੇ ਸੰਦੇਸ਼ ‘ਚ ਅਭਿਨੇਤਾ ਸਲਮਾਨ ਖਾਨ ਅਤੇ ਲਾਰੇਂਸ ਬਿਸ਼ਨੋਈ ਗੈਂਗ ਵਿਚਾਲੇ ਹੋਏ ਵਿਵਾਦ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਮਾਮਲੇ ਵਿੱਚ ਵਰਲੀ ਪੁਲਸ ਨੇ ਝਾਰਖੰਡ ਦੇ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਨੌਜਵਾਨ ਦਾ ਨਾਮ ਹੁਸੈਨ ਸ਼ੇਖ (24) ਵਾਸੀ ਜਮਸ਼ੇਦਪੁਰ, ਝਾਰਖੰਡ ਹੈ। ਉਸਨੇ ਮੁੰਬਈ ਟ੍ਰੈਫਿਕ ਪੁਲਸ ਦੇ ਵਟਸਐਪ ਹੈਲਪਲਾਈਨ ਨੰਬਰ ‘ਤੇ ਧਮਕੀ ਭਰਿਆ ਸੰਦੇਸ਼ ਭੇਜ ਕੇ ਲਾਰੇਂਸ ਬਿਸ਼ਨੋਈ ਗੈਂਗ ਦੇ ਕਰੀਬੀ ਹੋਣ ਦਾ ਦਾਅਵਾ ਕੀਤਾ ਸੀ। ਉਸਨੇ ਅਭਿਨੇਤਾ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋਵੇਗੀ। ਇਸ ਸਬੰਧੀ 17 ਅਕਤੂਬਰ ਨੂੰ ਵਰਲੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਮੈਸੇਜ਼ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਵਰਲੀ ਪੁਲਸ ਕੋਲ ਕੇਸ ਦਰਜ ਕਰਵਾਇਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮੈਸੇਜ ਭੇਜਣ ਵਾਲਾ ਵਿਅਕਤੀ ਝਾਰਖੰਡ ਦਾ ਰਹਿਣ ਵਾਲਾ ਨੌਜਵਾਨ ਸੀ। ਇਸ ਤੋਂ ਬਾਅਦ ਵਰਲੀ ਪੁਲਸ ਟੀਮ ਉਸਦੇ ਮੋਬਾਈਲ ਨੰਬਰ ਦੀ ਮਦਦ ਨਾਲ ਉਸ ਕੋਲ ਪਹੁੰਚੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਇੱਕ ਹੋਰ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਹੈ, ਜਿਸ ਵਿੱਚ ਗੁਵਾਹਾਟੀ ਦੇ ਇੱਕ 17 ਸਾਲਾ ਲੜਕੇ ਦੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ