New Delhi: ਸੰਸਦ ਦੀ ਲੋਕ ਲੇਖਾ ਕਮੇਟੀ (Public account Committee) ਨੇ ਪੂੰਜੀ ਬਾਜ਼ਾਰ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਦੀ ਸਮੀਖਿਆ ਲਈ ਵੀਰਵਾਰ ਨੂੰ ਬੁਲਾਈ ਗਈ ਆਪਣੀ ਬੈਠਕ ਮੁਲਤਵੀ ਕਰ ਦਿੱਤੀ ਹੈ। ਪੀਏਸੀ ਨੇ ਮੀਟਿੰਗ ਮੁਲਤਵੀ ਕਰਨ ਦਾ ਫੈਸਲਾ ਸੇਬੀ ਮੁਖੀ ਮਾਧਬੀ ਪੁਰੀ ਬੁਚ ਅਤੇ ਹੋਰ ਅਧਿਕਾਰੀਆਂ ਵੱਲੋਂ ਦਿੱਲੀ ਪਹੁੰਚਣ ਤੋਂ ਅਸਮਰੱਥਾ ਪ੍ਰਗਟਾਏ ਜਾਣ ਤੋਂ ਬਾਅਦ ਕੀਤਾ।
ਕਮੇਟੀ ਦੇ ਪ੍ਰਧਾਨ ਕੇਸੀ ਵੇਣੂਗੋਪਾਲ ਨੇ ਵੀਰਵਾਰ ਨੂੰ ਇੱਥੇ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9:30 ਵਜੇ ਸੇਬੀ ਮੁਖੀ ਦਾ ਸੰਦੇਸ਼ ਮਿਲਿਆ ਜਿਸ ‘ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਨਿੱਜੀ ਜ਼ਰੂਰਤਾਂ ਕਾਰਨ ਉਹ ਦਿੱਲੀ ਦੀ ਯਾਤਰਾ ਕਰਨ ਤੋਂ ਅਸਮਰੱਥ ਹਨ। ਵੇਣੂਗੋਪਾਲ ਨੇ ਕਿਹਾ ਕਿ ਇਕ ਔਰਤ ਨੇ ਇਹ ਬੇਨਤੀ ਕੀਤੀ ਹੈ ਇਸ ਲਈ ਕਮੇਟੀ ਨੇ ਮੀਟਿੰਗ ਕਿਸੇ ਹੋਰ ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੀਏਸੀ ਪ੍ਰਧਾਨ ਦੇ ਰੂਪ ’ਚ ਵੇਣੂਗੋਪਾਲ ਦੇ ਆਚਰਣ ਨੂੰ ਗੈਰ-ਸੰਸਦੀ ਕਰਾਰ ਦਿੰਦਿਆਂ ਕਿਹਾ ਕਿ ਉਸਦੇ ਮੈਂਬਰ ਇਸ ਮਾਮਲੇ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਕਰਨਗੇ। ਪੀਏਸੀ ਦੀ ਅੱਜ ਹੋਣ ਵਾਲੀ ਮੀਟਿੰਗ ਦੇ ਏਜੰਡੇ ‘ਤੇ “ਸੰਸਦ ਦੇ ਐਕਟ ਦੁਆਰਾ ਸਥਾਪਤ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਜ ਦੀ ਸਮੀਖਿਆ” ਕਰਨ ਦੇ ਕਮੇਟੀ ਦੇ ਫੈਸਲੇ ਦੇ ਹਿੱਸੇ ਵਜੋਂ ਵਿੱਤ ਮੰਤਰਾਲੇ ਅਤੇ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਨੁਮਾਇੰਦਿਆਂ ਦੇ ਮੌਖਿਕ ਸਬੂਤ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਅਮਰੀਕੀ ਸ਼ਾਰਟ ਸੇਲਰ ਕੰਪਨੀ ਨੇ ਸੇਬੀ ਮੁਖੀ ਮਾਧਵੀ ਪੁਰੀ ਬੁਚ ‘ਤੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਅਤੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਸਨ। ਉੱਥੇ ਹੀ ਪੀਏਸੀ ਮੈਂਬਰ ਨਿਸ਼ੀਕਾਂਤ ਦੂਬੇ ਨੇ 5 ਅਕਤੂਬਰ ਨੂੰ ਕਮੇਟੀ ਦੇ ਪ੍ਰਧਾਨ ਵੇਣੂਗੋਪਾਲ ‘ਤੇ ਸਰਕਾਰ ਨੂੰ ਬਦਨਾਮ ਕਰਨ ਅਤੇ ਦੇਸ਼ ਦੇ ਵਿੱਤੀ ਢਾਂਚੇ ਅਤੇ ਅਰਥਵਿਵਸਥਾ ਨੂੰ ਅਸਥਿਰ ਕਰਨ ਲਈ ਅਰਥਹੀਣ ਮੁੱਦੇ ਉਠਾਉਣ ਦਾ ਦੋਸ਼ ਲਗਾਇਆ ਸੀ।
ਹਿੰਦੂਸਥਾਨ ਸਮਾਚਾਰ