New Delhi News: ਕਾਂਗਰਸ ਨੇ ਵੀਰਵਾਰ ਨੂੰ ਰਾਜਸਥਾਨ ਦੀਆਂ ਸੱਤ, ਕਰਨਾਟਕ ਦੀਆਂ ਦੋ ਅਤੇ ਅਸਾਮ ਦੀਆਂ ਇੱਕ ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਕਾਂਗਰਸ ਦੀ ਸੂਚੀ ਮੁਤਾਬਕ ਰਾਜਸਥਾਨ ਦੇ ਝੁੰਝੁਨੂ ਤੋਂ ਅਮਿਤ ਓਲਾ, ਰਾਮਗੜ੍ਹ ਤੋਂ ਆਰੀਅਨ ਜ਼ੁਬੇਰ, ਦੌਸਾ ਤੋਂ ਦੀਨਦਿਆਲ ਬੈਰਵਾ, ਦੇਵਲੀ ਉਨਿਆਰਾ ਤੋਂ ਕਸਤੂਰ ਚੰਦ ਮੀਣਾ, ਖਿਨਸਵਾਰ ਤੋਂ ਰਤਨ ਚੌਧਰੀ, ਸਲੂੰਬਰ ਤੋਂ ਰੇਸ਼ਮਾ ਮੀਨਾ ਅਤੇ ਚੌਰਾਸੀ ਤੋਂ ਮਹੇਸ਼ ਰੋਟ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਆਗੂ ਜ਼ੁਬੇਰ ਖਾਨ ਅਤੇ ਭਾਜਪਾ ਦੇ ਅੰਮ੍ਰਿਤ ਲਾਲ ਮੀਨਾ ਦੇ ਦਿਹਾਂਤ ਕਾਰਨ ਰਾਮਗੜ੍ਹ ਅਤੇ ਸਲੰਬਰ ਸੀਟਾਂ ਖਾਲੀ ਹੋਈਆਂ ਹਨ। ਰਾਜਸਥਾਨ ਦੀਆਂ ਇਨ੍ਹਾਂ ਸੱਤ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਕਾਂਗਰਸ ਨੇ ਕਰਨਾਟਕ ਦੇ ਸੰਦੂਰ ਤੋਂ ਈ. ਅੰਨਪੂਰਨਾ ਅਤੇ ਚੰਨਾਪਟਨਾ ਸੀਟ ਤੋਂ ਸੀਪੀ ਯੋਗੇਸ਼ਵਰ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਅਜੇ ਸ਼ਿਗਾਓਂ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 25 ਅਕਤੂਬਰ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 30 ਅਕਤੂਬਰ ਹੈ। ਸੰਦੂਰ ਤੋਂ ਭਾਜਪਾ ਦੇ ਤੁਕਾਰਾਮ, ਸ਼ਿਗਾਓਂ ਤੋਂ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਚੰਨਾਪਟਨਾ ਸੀਟ ਜੇਡੀਐੱਸ ਆਗੂ ਐਚਡੀ ਕੁਮਾਰਸਵਾਮੀ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ। ਇਨ੍ਹਾਂ ਸਾਰਿਆਂ ਨੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਸਤੀਫ਼ਾ ਦਿੱਤਾ ਸੀ।
ਅਸਾਮ ਦੀ ਬੇਹਾਲੀ ਵਿਧਾਨ ਸਭਾ ਸੀਟ ਤੋਂ ਜੈਅੰਤ ਬੋਰਾ ਨੂੰ ਉਮੀਦਵਾਰ ਬਣਾਇਆ ਹੈ। ਇਹ ਐਲਾਨ ਸੂਬੇ ਦੀਆਂ 16 ਵਿਰੋਧੀ ਪਾਰਟੀਆਂ ਦੇ ਗਠਜੋੜ ਅਸਾਮ ਸੋਨਮਿਲੀਤੋ ਮੋਰਚਾ ਦੇ ਹਿੱਸੇਦਾਰਾਂ ਵਿਚਾਲੇ ਬੇਹਾਲੀ ਸੀਟ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕੀਤਾ ਗਿਆ ਹੈ। ਇਸ ਸੀਟ ‘ਤੇ 13 ਨਵੰਬਰ ਨੂੰ ਵੋਟਾਂ ਪੈਣਗੀਆਂ।
ਹਿੰਦੂਸਥਾਨ ਸਮਾਚਾਰ