New Delhi: ਕੇਂਦਰ ਸਰਕਾਰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਮਹਾਨ ਯੋਗਦਾਨ ਦਾ ਸਨਮਾਨ ਕਰਨ ਲਈ ਉਨ੍ਹਾਂ ਦੀ 150ਵੀਂ ਜਯੰਤੀ ਨੂੰ 2024 ਤੋਂ 2026 ਤੱਕ ਦੇਸ਼ ਵਿਆਪੀ ਜਸ਼ਨ ਵਜੋਂ ਮਨਾਏਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਐਕਸ ਪੋਸਟ ‘ਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਮਜ਼ਬੂਤ ਲੋਕਤੰਤਰਾਂ ਵਿੱਚੋਂ ਇੱਕ ਭਾਰਤ ਦੇ ਲੋਕਤੰਤਰ ਦੀ ਸਥਾਪਨਾ ਪਿੱਛੇ ਇੱਕ ਦੂਰਅੰਦੇਸ਼ੀ ਵਜੋਂ ਸਰਦਾਰ ਪਟੇਲ ਦੀ ਸਦੀਵੀ ਵਿਰਾਸਤ ਅਤੇ ਕਸ਼ਮੀਰ ਤੋਂ ਲਕਸ਼ਦੀਪ ਤੱਕ ਭਾਰਤ ਦੇ ਏਕੀਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਅਮਿੱਟ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਰਦਾਰ ਪਟੇਲ ਦੀ 150ਵੀਂ ਜਯੰਤੀ ਨੂੰ ਉਨ੍ਹਾਂ ਦੇ ਮਹਾਨ ਯੋਗਦਾਨ ਦਾ ਸਨਮਾਨ ਕਰਨ ਲਈ 2024 ਤੋਂ 2026 ਤੱਕ ਦੇਸ਼ ਵਿਆਪੀ ਜਸ਼ਨ ਵਜੋਂ ਮਨਾਏਗੀ। ਇਹ ਸਮਾਰੋਹ ਸਰਦਾਰ ਪਟੇਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਏਕਤਾ ਦੀ ਭਾਵਨਾ ਦੇ ਪ੍ਰਤੀਕ ਦਾ ਗਵਾਹ ਹੋਵੇਗਾ।
ਜ਼ਿਕਰਯੋਗ ਹੈ ਕਿ ਸਰਦਾਰ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਾਡਿਆਡ ‘ਚ ਹੋਇਆ ਸੀ। ਮੋਦੀ ਸਰਕਾਰ 2014 ਤੋਂ 31 ਅਕਤੂਬਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾ ਰਹੀ ਹੈ। ਪਟੇਲ ਨੂੰ 550 ਤੋਂ ਵੱਧ ਰਿਆਸਤਾਂ ਨੂੰ ਭਾਰਤ ਸੰਘ ਵਿੱਚ ਮਿਲਾਉਣ ਦਾ ਸਿਹਰਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ