Mumbai News: ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਗੈਂਗਸਟਰ ਰਾਜੇਂਦਰ ਸਦਾਸ਼ਿਵ ਨਿਕਾਲਜੇ ਉਰਫ਼ ਛੋਟਾ ਰਾਜਨ ਨੂੰ ਹੋਟਲ ਕਾਰੋਬਾਰੀ ਜਯਾ ਸ਼ੈੱਟੀ ਦੇ ਕਤਲ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਨਾਲ ਹੀ ਬੰਬੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਬੰਬੇ ਸੈਸ਼ਨ ਕੋਰਟ ਵੱਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਹੈ।
ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਛੋਟਾ ਰਾਜਨ ਦੀ ਸਜ਼ਾ ਨੂੰ ਦਿੱਤੀ ਗਈ ਚੁਣੌਤੀ ਦਾ ਨਿਪਟਾਰਾ ਨਹੀਂ ਹੋ ਜਾਂਦਾ, ਉਦੋਂ ਤੱਕ ਉਮਰ ਕੈਦ ‘ਤੇ ਰੋਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਛੋਟਾ ਰਾਜਨ ਦੇ ਖਿਲਾਫ ਹੋਰ ਵੀ ਕਈ ਕੇਸ ਵੱਖ-ਵੱਖ ਅਦਾਲਤਾਂ ‘ਚ ਚੱਲ ਰਹੇ ਹਨ, ਜਿਸ ਕਾਰਨ ਛੋਟਾ ਰਾਜਨ ਨੂੰ ਜੇਲ ‘ਚ ਹੀ ਰਹਿਣਾ ਪਵੇਗਾ।
ਜਾਣਕਾਰੀ ਮੁਤਾਬਕ 2001 ‘ਚ ਹੋਟਲ ਕਾਰੋਬਾਰੀ ਜਯਾ ਸ਼ੈੱਟੀ ਦੀ ਫਿਰੌਤੀ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 30 ਮਈ ਨੂੰ ਬੰਬੇ ਸੈਸ਼ਨ ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਇਹ ਮੰਨਦਿਆਂ ਕਿ ਇਹ ਕਤਲ ਛੋਟਾ ਰਾਜਨ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਰਾਜਨ ਨੇ ਇਸ ਸਜ਼ਾ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸੇ ਮਾਮਲੇ ‘ਚ ਬੰਬੇ ਹਾਈ ਕੋਰਟ ਦੀ ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੀ ਬੈਂਚ ਨੇ ਛੋਟਾ ਰਾਜਨ ਨੂੰ 1 ਲੱਖ ਰੁਪਏ ਦੀ ਸ਼ਰਤ ‘ਤੇ ਜ਼ਮਾਨਤ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹੋਟਲ ਮਾਲਕ ਜਯਾ ਸ਼ੈੱਟੀ ਦੀ ਉਨ੍ਹਾਂ ਦੇ ਹੀ ਹੋਟਲ ’ਚ 4 ਮਈ 2001 ਨੂੰ ਛੋਟਾ ਰਾਜਨ ਗੈਂਗ ਦੇ ਦੋ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਜਯਾ ਸ਼ੈੱਟੀ ਨੂੰ ਛੋਟਾ ਰਾਜਨ ਗੈਂਗ ਵੱਲੋਂ ਫਿਰੌਤੀ ਦੀ ਧਮਕੀ ਮਿਲ ਚੁੱਕੀ ਸੀ ਅਤੇ ਉਸਨੂੰ ਸੁਰੱਖਿਆ ਦਿੱਤੀ ਗਈ ਸੀ। ਹਾਲਾਂਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਜਯਾ ਸ਼ੈੱਟੀ ਨੇ ਪੁਲਿਸ ਸੁਰੱਖਿਆ ਵਾਪਸ ਕਰ ਦਿੱਤੀ ਸੀ। ਇਸੇ ਮਾਮਲੇ ‘ਚ ਪੁਲਿਸ ਨੇ ਛੋਟਾ ਰਾਜਨ ‘ਤੇ ਰਵੀ ਪੁਜਾਰੀ ਰਾਹੀਂ ਜਯਾ ਸ਼ੈੱਟੀ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਲਗਾਇਆ ਸੀ।
ਹਿੰਦੂਸਥਾਨ ਸਮਾਚਾਰ