Nawanshahr News: ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਜਸਵੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ । ਕਮੇਟੀ ਨੇ ਪੰਜਾਬ ਸਰਕਾਰ ਦੇ ਲਾਰਾ ਲਾਊ ਰੱਵਈਆ ਦਾ ਸਖਤ ਨੋਟਿਸ ਲੈਂਦਿਆਂ ਸੂਬਾ ਪੱਧਰੀ ਐਕਸ਼ਨਾਂ ਦਾ ਐਲਾਨ ਕਰਦਿਆਂ , ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ ਕਮੇਟੀ ਅਤੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਨੇ ਦੱਸਿਆ ਕਿ 27 ਅਕਤੂਬਰ ਨੂੰ ਚਾਰੇ ਜਿਮਨੀ ਚੋਣ ਹਲਕਿਆਂ ਚੱਬੇਵਾਲ,ਡੇਰਾ ਬਾਬਾ ਨਾਨਕ,ਬਰਨਾਲਾ ਅਤੇ ਗਿੱਦੜਬਾਹਾ ਵਿੱਚ ਰੈਲੀਆਂ ਕਰਕੇ ਝੰਡਾ ਮਾਰਚ ਕੀਤਾ ਜਾਵੇਗਾ ।
ਪੰਜਾਬ ਸਰਕਾਰ ਨੇ ਪਿੱਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਕੀਤਾ ਸੀ। ਇਸ ਨੋਟੀਫਿਕੇਸ਼ਨ ਨੂੰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ। ਮੌਜੂਦਾ ਪੰਜਾਬ ਸਰਕਾਰ ਵੱਡੇ ਵੱਡੇ ਕੰਮਾਂ ਨੂੰ ਥੋੜੇ ਸਮੇਂ ਵਿੱਚ ਕਰਕੇ ਦਿਖਾਉਣ ਦਾ ਦਾਅਵਾ ਕਰਦੀ ਹੈ ਪਰ ਖੁਦ ਦੇ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਲਿਖਤੀ ਕੀਤੇ ਵਾਅਦੇ ਨੂੰ ਇੱਕ ਸਾਲ ਹੋ ਚੱਲਿਆ ਤੇ ਮੁੱਖਮੰਤਰੀ ਦੇ ਐਲਾਨ ਨੂੰ ਵੀ ਇੱਕ ਸਾਲ ਹੋ ਗਿਆ ਹੈ, ਪਰ ਸਰਕਾਰ ਅਮਲੀ ਜਾਮਾ ਪਾਉਣ ਲਈ ਨਾਕਾਮ ਰਹੀ ਹੈ। ਜਦੋਂ ਕਿ ਗੁਆਂਢੀ ਸੂਬੇ ਦੀ ਸਰਕਾਰ ਨੇ ਬਾਅਦ ਵਿੱਚ ਸਰਕਾਰ ਬਣਾ ਕੇ ਵਾਅਦਾ ਪੂਰਾ ਕਰ ਵਿਖਾਇਆ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜਿਲਾ ਪੱਧਰ ਤੇ ਸਵਾਗਤ ਕੀਤਾ ਜਾਵੇਗਾ। ਆਗੂਆ ਨੇ ਦੱਸਿਆ ਕਿ ਚੱਬੇਵਾਲ ਵਿਖੇ ਕੀਤੀ ਜਾ ਰਹੀ ਰੈਲੀ ਅਤੇ ਝੰਡਾ ਮਾਰਚ ਵਿੱਚ ਸ਼ਹੀਦ ਭਗਤ ਸਿੰਘ ਨਗਰ ਤੋਂ 20 ਗੱਡੀਆਂ ਦਾ ਕਾਫ਼ਲਾ ਸ਼ਾਮਿਲ ਹੋਕੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋ ਜਾਣੂ ਕਰਵਾਈਗੀ।
ਹਿੰਦੂਸਥਾਨ ਸਮਾਚਾਰ