Kiev News: ਰੂਸੀ ਫੌਜ ਨੇ ਪੂਰਬੀ ਯੂਕ੍ਰੇਨ ਦੇ ਗੜ੍ਹ ਚਾਸਿਵ ਯਾਰ ਸ਼ਹਿਰ ‘ਤੇ ਚੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਦੇ ਸੈਨਿਕਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ ਹੈ। ਇਸ ਨੂੰ ਸੰਕਟਗ੍ਰਸਤ ਕੀਵ ਲਈ ਝਟਕਾ ਮੰਨਿਆ ਜਾ ਰਿਹਾ ਹੈ। ਚਾਸਿਵ ਯਾਰ ਇਕ ਪਹਾੜੀ ਦੀ ਚੋਟੀ ‘ਤੇ ਹੈ। ਯੁੱਧ ਤੋਂ ਪਹਿਲਾਂ ਇਸ ਸ਼ਹਿਰ ਵਿਚ ਲਗਭਗ 12,000 ਲੋਕ ਰਹਿੰਦੇ ਸਨ। ਯੁੱਧ ਤੋਂ ਬਾਅਦ ਇੱਥੋਂ ਦੀਆਂ ਇਮਾਰਤਾਂ ਭੂਤੀਆ ਖੰਡਰਾਂ ਵਾਂਗ ਨਜ਼ਰ ਆ ਰਹੀਆਂ ਹਨ।
ਰੂਸੀ ਅਖਬਾਰ ਦਿ ਮਾਸਕੋ ਟਾਈਮਜ਼ ਨੇ ਯੂਕ੍ਰੇਨ ਦੇ ਇਕ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਖਬਰ ‘ਚ ਇਹ ਜਾਣਕਾਰੀ ਦਿੱਤੀ। ਅਧਿਕਾਰੀ ਦਾ ਕਹਿਣਾ ਹੈ ਕਿ ਰੂਸੀ ਬਲ ਚਾਸਿਵ ਯਾਰ ਵਿਖੇ ਇੱਕ ਵੱਡੇ ਜਲ ਮਾਰਗ ‘ਤੇ ਅੱਗੇ ਵਧ ਗਏ ਹਨ। ਜੇਕਰ ਰੂਸੀ ਫੌਜ ਚਸਿਵ ਯਾਰ ‘ਤੇ ਕਬਜ਼ਾ ਕਰਨ ‘ਚ ਸਫਲ ਹੋ ਜਾਂਦੀ ਹੈ ਤਾਂ ਯੁੱਧ ਪ੍ਰਭਾਵਿਤ ਡੋਨੇਟਸਕ ਖੇਤਰ ‘ਚ ਰੂਸ ਦੀ ਪਕੜ ਹੋਰ ਮਜ਼ਬੂਤ ਹੋ ਜਾਵੇਗੀ।
ਦਿ ਮਾਸਕੋ ਟਾਈਮਜ਼ ਦੇ ਅਨੁਸਾਰ, ਯੂਕ੍ਰੇਨ ਦੀ 24ਵੀਂ ਬ੍ਰਿਗੇਡ ਦੇ ਬੁਲਾਰੇ ਇਵਾਨ ਪੈਟ੍ਰੀਚਕ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਦੁਸ਼ਮਣ ਸਾਡੀ ਰੱਖਿਆ ਲਾਈਨ ’ਚ ਪਾੜਾ ਲਾਉਣ ਵਿੱਚ ਕਾਮਯਾਬ ਰਹੀ, ਪਰ ਇਹ ਕੋਈ ਵੱਡੀ ਅਸਫਲਤਾ ਨਹੀਂ ਹੋਈ। ਅਸੀਂ ਚਾਸਿਵ ਯਾਰ ਗਵਾਉਣ ਵਾਲੇ ਨਹੀਂ ਹਾਂ। ਭਿਆਨਕ ਲੜਾਈ ਅਜੇ ਵੀ ਜਾਰੀ ਹੈ।
ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਰੂਸੀ ਡਰੋਨ ਅਤੇ ਤੋਪਖਾਨੇ ਦੇ ਹਮਲਿਆਂ ਵਿੱਚ ਸੁਮੀ ਅਤੇ ਡੋਨੇਟਸਕ ਦੇ ਉੱਤਰ-ਪੂਰਬੀ ਯੂਕ੍ਰੇਨੀ ਖੇਤਰਾਂ ਵਿੱਚ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਸੂਮੀ ਰੂਸ ਦੇ ਕੁਰਸਕ ਖੇਤਰ ਤੋਂ ਸਰਹੱਦ ਪਾਰ ਸਥਿਤ ਹੈ। ਯੂਕ੍ਰੇਨ ਦੇ ਸੈਨਿਕਾਂ ਨੇ ਅਗਸਤ ਵਿੱਚ ਇੱਥੇ ਵੱਡਾ ਹਮਲਾ ਕੀਤਾ ਸੀ।
ਹਿੰਦੂਸਥਾਨ ਸਮਾਚਾਰ