Gurdaspur News: ਇਸ ਵਾਰ ਦੀਵਾਲੀ ਦੇ ਮੌਕੇ ‘ਤੇ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ‘ਚ ਮੋਹਰੀ ਚੱਲ ਰਿਹਾ ਸਨਾਤਨ ਚੇਤਨਾ ਮੰਚ ਨਿਵੇਕਲੀ ਪਹਿਲਕਦਮੀ ਕਰਦਿਆਂ 29 ਅਕਤੂਬਰ ਮੰਗਲਵਾਰ ਨੂੰ ਸਥਾਨਕ ਹਨੂੰਮਾਨ ਚੌਕ ਵਿਖੇ 11 ਹਜ਼ਾਰ ਦੀਵੇ ਜਗਾ ਕੇ ਸ਼ਹਿਰ ਨੂੰ ਰੌਸ਼ਨ ਕਰਨ ਜਾ ਰਿਹਾ ਹੈ। ਰੋਸ਼ਨੀ ਦੇ ਇਸ ਮਹਾਨ ਤਿਉਹਾਰ ਮੌਕੇ ਸਨਾਤਨ ਚੇਤਨਾ ਮੰਚ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ।
ਇਸ ਸਬੰਧੀ ਸਨਾਤਨ ਚੇਤਨਾ ਮੰਚ ਦੇ ਸਮੂਹ ਮੈਂਬਰਾਂ ਦੀ ਇਕ ਵਿਸ਼ਾਲ ਮੀਟਿੰਗ ਪ੍ਰਧਾਨ ਅਨੂ ਗੰਡੋਤਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੀਵਾਲੀ ਦੇ ਮੌਕੇ ‘ਤੇ 29 ਅਕਤੂਬਰ ਦਿਨ ਮੰਗਲਵਾਰ ਨੂੰ ਮੰਚ ਵੱਲੋਂ ਰੌਸ਼ਨੀ ਦਾ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ, ਜੋ ਕਿ ਸਨਾਤਨ ਚੇਤਨਾ ਮੰਚ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਨਿਵੇਕਲਾ ਉਪਰਾਲਾ ਹੋਵੇਗਾ।
ਇਹ ਸਮਾਗਮ ਗੁਰਦਾਸਪੁਰ ਦੇ ਮੁੱਖ ਹਨੂੰਮਾਨ ਚੌਕ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਨੂੰ ਰੌਸ਼ਨ ਕਰਨ ਲਈ 11 ਹਜ਼ਾਰ ਦੀਵੇ ਜਗਾਏ ਜਾਣਗੇ। ਗੰਡੋਤਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਐਸਐਸਪੀ ਗੁਰਦਾਸਪੁਰ ਹਰੀਸ਼ ਦਿਆਮਾ ਅਤੇ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਦੌਰਾਨ ਇੱਕ ਨਿਵੇਕਲਾ ਕਾਰਜ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ, ਰਾਮਲੀਲਾ ਕਮੇਟੀਆਂ, ਮੰਦਿਰ ਸੰਸਥਾਵਾਂ ਅਤੇ ਸਨਾਤਨ ਧਰਮ ਨਾਲ ਜੁੜੀਆਂ ਹੋਰ ਸ਼ਖ਼ਸੀਅਤਾਂ ਇੱਕ ਮੰਚ ਤੇ ਇਕੱਠੇ ਹੋਣਗੀਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਅਨੂ ਗੰਡੋਤਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮਾਗਮ ਦਾ ਮੁੱਖ ਆਕਰਸ਼ਣ ਆਤਿਸ਼ਬਾਜ਼ੀ ਹੋਵੇਗੀ ਅਤੇ ਲੋਕਾਂ ਦੀ ਸਹੂਲਤ ਲਈ ਵੱਡੀਆਂ ਐਲ.ਈ.ਡੀਜ਼ ਲਗਾ ਕੇ ਸਮੁੱਚੇ ਪ੍ਰੋਗਰਾਮ ਨੂੰ ਲਾਈਵ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਤ ਵਿੱਚ ਆਈਆਂ ਸੰਗਤਾਂ ਵਿੱਚ ਪ੍ਰਸ਼ਾਦ ਵੰਡਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪ੍ਰੋਗਰਾਮ ਦੀ ਸ਼ੋਭਾ ਵਿੱਚ ਵਾਧਾ ਕਰਨ।
ਹਿੰਦੂਸਥਾਨ ਸਮਾਚਾਰ