Gurdaspur News: ਉਮਾ ਸ਼ੰਕਰ ਗੁਪਤਾ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਭਾਰਤੀਯ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ, ਜ਼ਿਲ੍ਹਾ ਗੁਰਦਾਸਪੁਰ ਵਿਚ ਨਿਰਧਾਰਿਤ ਕੀਤੀਆਂ ਥਾਵਾਂ ਤੋਂ ਇਲਾਵਾ ਕਿਤੇ ਵੀ, ਕਿਸੇ ਐਸੋਸੀਏਸ਼ਨ/ਸੰਸਥਾਵਾਂ/ਯੂਨੀਅਨ ਜਾਂ ਵਿਅਕਤੀਗਤ ਤੌਰ ਤੇ ਧਰਨੇ/ਮੁਜ਼ਾਹਰੇ ਕਰਨ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸਾਂਤਮਈ ਧਰਨਾ, ਮੁਜਾਹਰਾ ਜਾਂ ਰੈਲੀ ਕਰਨ ਤੋਂ ਪਹਿਲਾਂ ਇਨਾ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਨਾਲ ਹੀ ਉਨ੍ਹਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਦੇ 200 ਮੀਟਰ ਘੇਰੇ ਤੱਕ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਨ ‘ਤੇ ਪਾਬੰਦੀ ਲਗਾਈ ਹੈ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਨਿਰਧਾਰਿਤ ਕੀਤੀਆਂ ਥਾਵਾਂ ਉੱਪਰ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਿਤ ਕਰਕੇ ਪ੍ਰਵਾਨਗੀ ਲੈਣ ਉਪਰੰਤ ਹੀ ਧਰਨਾ/ਮੁਜ਼ਾਹਰਾ ਕੀਤਾ ਜਾ ਸਕੇਗਾ, ਇਸਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਕਿਸੇ ਜਨਤਕ ਥਾਂ ’ਤੇ ਧਰਨਾਂ ਨਹੀਂ ਦਿੱਤਾ ਜਾ ਸਕਦਾ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਵੱਖ-ਵੱਖ ਯੂਨੀਅਨਾਂ, ਸੰਸਥਾਵਾਂ ਅਤੇ ਲੋਕਾਂ ਵੱਲੋਂ ਰਾਸ਼ਟਰੀ ਤੇ ਰਾਜ ਮਾਰਗਾਂ, ਸੜਕਾਂ, ਚੌਂਕਾਂ, ਰੇਲਵੇ ਟਰੈਕਾਂ, ਬਜ਼ਾਰਾਂ, ਸਰਕਾਰੀ ਦਫ਼ਤਰਾਂ, ਹਸਪਤਾਲਾਂ, ਬੱਸ ਸਟੈਂਡਾਂ ਅਤੇ ਹੋਰ ਜਨਤਕ ਥਾਂਵਾਂ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਨਿਆਂ ਕਾਰਨ ਮਰੀਜ਼ ਹਸਪਤਾਲ ਨਹੀਂ ਪਹੁੰਚ ਪਾਉਂਦੇ, ਰਾਹਗੀਰ ਪਰੇਸ਼ਾਨ ਹੁੰਦੇ ਹਨ, ਕਈਆਂ ਦੀਆਂ ਫਲਾਈਟਾਂ ਖੁੰਝ ਜਾਂਦੀਆਂ ਹਨ, ਕਈ ਨੌਜਵਾਨ ਇੰਟਰਵਿਊ, ਕਾਲਜ ਵਿੱਚ ਦਾਖਲੇ ਅਤੇ ਮੁਕਾਬਲੇ ਦੀਆਂ ਪਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤਰਾਂ ਅਜਿਹੇ ਧਰਨੇ ਪ੍ਰਦਰਸ਼ਨ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਦੇ ਹਨ। ਕਿਸੇ ਵੇਲੇ, ਇਹ ਧਰਨੇ/ਮੁਜ਼ਾਹਰੇ, ਹਿੰਸਕ ਰੂਪ ਧਾਰ ਲੈਂਦੇ ਹਨ, ਜਿਸ ਨਾਲ ਪਬਲਿਕ ਸੰਪੰਤੀ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਧਰਨੇ ਜਾਂ ਹਿੰਸਾ ਕਾਰਨ ਸੜਕਾਂ/ਨੈਸ਼ਨਲ ਹਾਈਵੇ, ਰੇਲਵੇ ਟਰੈਕ, ਹਸਪਤਾਲਾਂ ਦੇ ਬਾਹਰਵਾਰ ਜਾਂ ਸਰਕਾਰੀ ਦਫਤਰਾਂ ਆਦਿ ਦਾ ਸਰਕਾਰੀ ਸੰਪੰਤੀ ਦਾ ਨੁਕਸਾਨ ਹੁੰਦਾ ਹੈ, ਜੋ ਸਜ਼ਾਯੋਗ ਅਪਰਾਧ ਹੈ।
ਰੈਵੀਨਿਊ, ਮੁੜ ਵਸੇਬਾ ਅਤੇ ਕੁਦਰਤੀ ਆਫਤਾਂ ਵਿਭਾਗ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਸੂਬੇ ਦੇ ਹਰੇਕ ਜਿਲ੍ਹੇ ਵਿੱਚ ਸਾਂਤਮਈ ਢੰਗ ਨਾਲ ਧਰਨੇ/ਮੁਜ਼ਾਹਰੇ ਕਰਨ ਲਈ ਥਾਵਾਂ ਨਿਰਧਾਰਿਤ ਕੀਤੀਆਂ ਜਾਣ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਹੁਕਮਾ ਤਹਿਤ ਸਬ ਡਵੀਜ਼ਨ ਗੁਰਦਾਸਪੁਰ ਵਿੱਚ ਨਹਿਰੂ ਪਾਰਕ ਗੁਰਦਾਸਪੁਰ, ਪੁਰਾਣਾ ਬੱਸ ਅੱਡਾ, ਦੀਨਾਨਗਰ ਸਬ ਡਵੀਜ਼ਨ ਵਿੱਚ ਦੁਸ਼ਿਹਰਾ ਗਰਾਉਂਡ ਦੀਨਾਨਗਰ। ਕਲਾਨੌਰ ਸਬ ਡਵੀਜ਼ਨ ਵਿੱਚ ਬਾਬਾ ਕਾਰ ਸਿੰਘ ਸਟੇਡੀਅਮ ਕਲਾਨੌਰ। ਫ਼ਤਹਿਗੜ੍ਹ ਚੂੜੀਆਂ ਸਬ ਡਵੀਜ਼ਨ ਵਿੱਚ ਗਰਾਊਂਡ ਫ਼ਤਹਿਗੜ੍ਹ ਚੂੜੀਆਂ। ਡੇਰਾ ਬਾਬਾ ਨਾਨਕ ਸਬ ਡਵੀਜ਼ਨ ਵਿੱਚ ਦਾਣਾ ਮੰਡੀ ਡੇਰਾ ਬਾਬਾ ਨਾਨਕ ਅਤੇ ਸਬ ਡਵੀਜ਼ਨ ਬਟਾਲਾ ਵਿੱਚ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ, ਜਲੰਧਰ ਰੋਡ ਬਟਾਲਾ ਵਿਖੇ ਧਰਨੇ/ਪ੍ਰਦਰਸ਼ਨਾਂ ਲਈ ਥਾਂ ਨਿਰਧਾਰਤ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਪਰੋਕਤ ਨਿਰਧਾਰਤ ਥਾਵਾਂ ਉੱਪਰ ਵੀ ਧਰਨਾ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਨਾ ਦੇਣ ਅਤੇ ਉਸ ਕੋਲੋਂ ਪੂਰਵ ਪ੍ਰਵਾਨਗੀ ਲੈਣ ਉਪਰੰਤ ਹੀ ਲਗਾਇਆ ਜਾ ਸਕਦਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਾਰਤੀਆ ਨਾਗਰਿਕ ਸੁਰੱਕਸ਼ਾ ਸੰਹਿੱਤਾ, 2023 ਦੀ ਧਾਰਾ 223, 285, ਨੈਸ਼ਨਲ ਹਾਈਵੇ ਦੇ ਸੈਕਸ਼ਨ 8ਬੀ, ਪਬਲਿਕ ਸੰਪੰਤੀ ਦੇ ਨੁਕਸਾਨ ਨੂੰ ਰੋਕਣ ਦੇ ਸੈਕਸ਼ਨ 3, ਭਾਰਤੀਆ ਨਾਗਰਿਕ ਸੁਰੱਕਸ਼ਾ ਸੰਹਿੱਤਾ, 2023 ਦੇ ਸੈਕਸ਼ਨ 221, ਰੇਲਵੇ ਐਕਟ, 1989 ਦੇ ਸੈਕਸ਼ਨ 174, ਰੇਲਵੇ ਐਕਟ, 1989 ਦੇ ਸੈਕਸ਼ਨ 176 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਬੰਧਤ ਡੀ. ਐਸ. ਪੀ (ਡਿਪਟੀ ਸੁਪਰਡੈਂਟ ਆਫ ਪੁਲਿਸ) ਧਰਨੇ/ਮੁਜਾਹਰੇ ਕਰਨ ਵਾਲੇ ਦੀ ਪਹਿਚਾਣ ਕਰਕੇ ਉੱਪਰ ਦੱਸੀਆਂ ਧਾਰਾਵਾਂ ਅਨੁਸਾਰ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰੇਗਾ।
ਹਿੰਦੂਸਥਾਨ ਸਮਾਚਾਰ