Kolkata News: ਧਰਮਤਲਾ ‘ਚ 5 ਅਕਤੂਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਜੂਨੀਅਰ ਡਾਕਟਰਾਂ ਨੇ ਸੋਮਵਾਰ ਰਾਤ ਨੂੰ ਆਪਣੀ ਹੜਤਾਲ ਖਤਮ ਕਰ ਦਿੱਤੀ। ਇਸ ਦੇ ਨਾਲ ਹੀ ਉੱਤਰੀ ਬੰਗਾਲ ਮੈਡੀਕਲ ਕਾਲਜ ਵਿੱਚ ਵੀ ਭੁੱਖ ਹੜਤਾਲ ਖਤਮ ਹੋ ਗਈ। ਜੂਨੀਅਰ ਡਾਕਟਰਾਂ ਨੇ ਇਹ ਕਦਮ ਆਰਜੀਕਰ ਦੀ ਪੀੜਤਾ ਡਾਕਟਰ ਦੇ ਮਾਪਿਆਂ ਦੇ ਕਹਿਣ ‘ਤੇ ਚੁੱਕਿਆ ਹੈ। ਇਸ ਦੇ ਨਾਲ ਅੱਜ ਸਵੇਰ ਤੋਂ ਪ੍ਰਸਤਾਵਿਤ ਹੜਤਾਲ ਖਤਮ ਕਰ ਦਿੱਤੀ ਗਈ। ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਨੇ ਭੁੱਖ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ। ਹੜਤਾਲ ਖਤਮ ਕਰਨ ਦੇ ਐਲਾਨ ਸਮੇਂ ਪੀੜਤ ਡਾਕਟਰ ਦੇ ਮਾਪੇ ਵੀ ਧਰਮਤਲਾ ਵਿੱਚ ਮੌਜੂਦ ਰਹੇ।
ਜੂਨੀਅਰ ਡਾਕਟਰ ਰੁਮੇਲਿਕਾ ਕੁਮਾਰ ਨੇ ਕਿਹਾ, “ਇਹ ਫੈਸਲਾ ਕਿਸੇ ਸਰਕਾਰੀ ਬੇਨਤੀ ‘ਤੇ ਨਹੀਂ ਲਿਆ ਗਿਆ ਹੈ, ਸਗੋਂ ਪੀੜਤਾ ਦੇ ਮਾਪਿਆਂ ਅਤੇ ਆਮ ਲੋਕਾਂ ਦੀ ਭਲਾਈ ਲਈ ਇਹ ਹੜਤਾਲ ਖਤਮ ਕੀਤੀ ਹੈ।” ਇਸ ਦੇ ਨਾਲ ਹੀ ਜੂਨੀਅਰ ਡਾਕਟਰਾਂ ਨੇ ਭਵਿੱਖ ਦੀ ਰਣਨੀਤੀ ਵੀ ਤੈਅ ਕੀਤੀ। ਜੂਨੀਅਰ ਡਾਕਟਰ ਦੇਬਾਸ਼ੀਸ਼ ਹਾਲਦਾਰ ਨੇ ਕਿਹਾ, “ਅਸੀਂ ਇਹ ਅੰਦੋਲਨ ਆਮ ਜਨਤਾ ਦੇ ਹਿੱਤ ਵਿੱਚ ਕਰ ਰਹੇ ਸੀ ਅਤੇ ਭਵਿੱਖ ਵਿੱਚ ਵੀ ਕਰਾਂਗੇ। ਇਸੇ ਲਈ ਅਸੀਂ ਹੜਤਾਲ ਖਤਮ ਕੀਤੀ ਹੈ। ਅਸੀਂ ਆਉਣ ਵਾਲੇ ਸ਼ਨੀਵਾਰ ਨੂੰ ਆਰਜੀਕਰ ਮੈਡੀਕਲ ਕਾਲਜ ਵਿੱਚ ਇੱਕ ਮਹਾ ਸਮਾਗਮ ਦਾ ਆਯੋਜਨ ਕਰਾਂਗੇ।’’
5 ਅਕਤੂਬਰ ਨੂੰ ਧਰਮਤਲਾ ਵਿੱਚ ਭੁੱਖ ਹੜਤਾਲ ਸ਼ੁਰੂ ਕਰਨ ਵਾਲੇ ਜੂਨੀਅਰ ਡਾਕਟਰਾਂ ਵਿੱਚ ਸਨੇਘਾ ਹਾਜ਼ਰਾ (ਕੋਲਕਾਤਾ ਮੈਡੀਕਲ ਕਾਲਜ), ਸਾਯੰਤਨੀ ਘੋਸ਼ ਹਾਜ਼ਰਾ (ਕੇਪੀਸੀ ਮੈਡੀਕਲ ਕਾਲਜ), ਅਰਨਬ ਮੁਖੋਪਾਧਿਆਏ (ਐਸਐਸਕੇਐਮ), ਤਾਨੀਆ ਪਾਂਜਾ (ਕੋਲਕਾਤਾ ਮੈਡੀਕਲ ਕਾਲਜ), ਪੁਲਸਤਿਆ ਆਚਾਰੀਆ (ਨੀਲਰਤਨ ਸਰਕਾਰੀ ਮੈਡੀਕਲ ਕਾਲਜ), ਅਤੇ ਅਨੁਸ਼ਤੁਪ ਮੁਖੋਪਾਧਿਆਏ (ਕੋਲਕਾਤਾ ਮੈਡੀਕਲ ਕਾਲਜ) ਸ਼ਾਮਲ ਸਨ। 6 ਅਕਤੂਬਰ ਨੂੰ ਆਰਜੀਕਰ ਹਸਪਤਾਲ ਦੇ ਜੂਨੀਅਰ ਡਾਕਟਰ ਅਨਿਕੇਤ ਮਹਿਤੋ ਨੇ ਵੀ ਭੁੱਖ ਹੜਤਾਲ ਵਿੱਚ ਹਿੱਸਾ ਲਿਆ ਸੀ।
ਭੁੱਖ ਹੜਤਾਲ ਦੌਰਾਨ ਕਈ ਡਾਕਟਰਾਂ ਦੀ ਸਿਹਤ ਵਿਗੜ ਗਈ। 10 ਅਕਤੂਬਰ ਨੂੰ ਅਨਿਕੇਤ ਨੂੰ ਆਰਜੀਕਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 11 ਅਕਤੂਬਰ ਨੂੰ, ਦੋ ਹੋਰ ਜੂਨੀਅਰ ਡਾਕਟਰ, ਪਰਿਚੈ ਪੰਡਾ (ਵੀਆਈਐਮਐਸ ਹਸਪਤਾਲ) ਅਤੇ ਅਲੋਲਿਕਾ ਘੜੂਈ (ਕੋਲਕਾਤਾ ਨੈਸ਼ਨਲ ਮੈਡੀਕਲ ਕਾਲਜ) ਵੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਹੌਲੀ-ਹੌਲੀ ਹੋਰ ਡਾਕਟਰ ਵੀ ਬੀਮਾਰ ਹੁੰਦੇ ਗਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪਿਆ।
ਹਿੰਦੂਸਥਾਨ ਸਮਾਚਾਰ