SAS Nagar, Mohali: ਮੋਹਾਲੀ ਪ੍ਰਸ਼ਾਸਨ ਅਤੇ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ ਸਰਸ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਸਮੇਤ ਆ ਕੇ ਇਸ ਮੇਲੇ ਦਾ ਆਨੰਦ ਮਾਣ ਰਹੇ ਹਨ। ਇਸ ਮੇਲੇ ਵਿੱਚ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੱਗੀਆਂ ਵੱਖ-ਵੱਖ ਸਟਾਲਾਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ ਉੱਥੇ ਹੀ ਪੰਜਾਬ ਵਿੱਚ ਅਲੋਪ ਹੋ ਰਹੀਆਂ ਕਈ ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਵੀ ਇਸ ਮੇਲੇ ਨੂੰ ਚਾਰ ਚੰਨ ਲਗਾ ਰਹੀਆਂ ਹਨ। ਜਿਨ੍ਹਾਂ ਵਿੱਚੋਂ ਪੰਜਾਬ ਦੀ ਇੱਕ ਖੇਡ ਬਾਜੀ ਪਾਉਣਾ ਜੋ ਕਿ ਅੱਜ ਦੇ ਸਮੇਂ ਵਿੱਚ ਭਾਵੇਂ ਅਲੋਪ ਹੋਈ ਜਾਪਦੀ ਹੈ ਪਰੰਤੂ ਮੇਲੇ ਵਿੱਚ ਬਾਜੀ ਪਾ ਰਹੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਦੇ ਬਾਜ਼ੀਗਰਾਂ ਵੱਲੋਂ ਮੇਲੇ ਦਾ ਆਨੰਦ ਮਾਣ ਰਹੇ ਲੋਕਾਂ ਦਾ, ਆਪਣੀ ਬਾਜੀ ਪਾ ਕੇ ਇਸ ਅਲੋਪ ਹੋ ਰਹੀ ਖੇਡ ਨੂੰ ਫਿਰ ਦੁਬਾਰਾ ਯਾਦ ਕਰਵਾਇਆ ਜਾ ਰਿਹਾ ਹੈ। ਉੱਥੇ ਲੋਕਾਂ ਦਾ ਆਪਣੀ ਇਸ ਬਾਜੀ ਪਾਉਣ ਦੀ ਕਲਾ ਨਾਲ਼ ਲੋਕਾਂ ਦਾ ਮੰਨੋਰੰਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੋਹਾਲੀ ਜਿੱਥੇ ਕਿ ਵੱਖ-ਵੱਖ ਰਾਜਾਂ ਤੋਂ ਆ ਕੇ ਲੋਕ ਰਹਿ ਰਹੇ ਹਨ, ਪੰਜਾਬ ਨਾਲ਼ ਸਬੰਧਿਤ ਇਸ ਖੇਡ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋ ਰਹੇ ਹਨ। ਜਦੋਂ ਗਰੁੱਪ ਦੇ ਮੁਖੀ ਵਕੀਲ ਸਿੰਘ ਪਿੰਡ ਡਿੱਖ ਜ਼ਿਲ੍ਹਾ ਬਠਿੰਡਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਡਾ ਕਿੱਤਾ, ਜਿਸਨੂੰ ਹੁਣ ਨਵੀਂ ਪੀੜ੍ਹੀ ਬਿਲਕੁਲ ਭੁੱਲ ਚੁੱਕੀ ਹੈ, ਅਲੋਪ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀਆਂ ਪਿਛਲੀਆਂ ਪੰਜ ਪੀੜੀਆਂ ਤੋਂ ਲਗਾਤਾਰ ਇਹ ਕਿੱਤਾ ਕਰਦੇ ਆ ਰਹੇ ਹਾਂ।
ਬਾਜੀ ਪਾਉਣ ਦਾ ਕਿੱਤਾ ਸਾਡੇ ਪੁਰਖਿਆਂ ਨੂੰ ਵਿਰਾਸਤ ਵਿੱਚ ਮਿਲਿਆ ਹੋਇਆ ਪ੍ਰੰਤੂ ਅੱਜ ਦੇ ਚੱਲ ਰਹੇ ਯੁੱਗ ਵਿੱਚ ਨਵੀਂ ਪੀੜ੍ਹੀ ਨੂੰ ਬਾਜੀ ਪਾਉਣ ਬਾਰੇ ਬਿਲਕੁਲ ਵੀ ਨਹੀਂ ਪਤਾ। ਇਹ ਸਾਡੀ ਵਿਰਾਸਤੀ ਖੇਡ ਅੱਜ ਦੇ ਸਮੇਂ ਵਿੱਚ ਬਿਲਕੁਲ ਅਲੋਪ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾ ਸਾਡੀ ਇਹ ਖੇਡ ਪੰਜਾਬ ਦੇ ਪਿੰਡਾਂ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਸਾਂਝੇ ਰੂਪ ਵਿੱਚ ਇਕੱਠ ਕਰਕੇ ਕਰਵਾਈ ਜਾਂਦੀ ਸੀ, ਪ੍ਰੰਤੂ ਅੱਜ ਦੇ ਸਮੇਂ ਸਾਡੀ ਇਹ ਖੇਡ ਪਿੰਡਾਂ ਵਿੱਚੋਂ ਵੀ ਖਤਮ ਹੋਈ ਜਾਪਦੀ ਹੈ। ਗਰੁੱਪ ਦੇ ਮੁਖੀ ਵੱਲੋਂ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਇਸ ਕਿੱਤੇ ਨੂੰ ਜਿਉਂਦਾ ਰੱਖਣ ਲਈ ਵੱਖ-ਵੱਖ ਮੇਲਿਆਂ ਵਿੱਚ ਇਸ ਕਲਾ ਦਾ ਪ੍ਰਦਰਸ਼ਨ ਕਰਵਾਇਆ ਜਾਵੇ।
ਹਿੰਦੂਸਥਾਨ ਸਮਾਚਾਰ