Islamabad News: ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਦੇ ਜ਼ਫਰਵਾਲ ਵਿੱਚ ਬਾਵਲੀ ਸਾਹਿਬ ਦੇ ਹਿੰਦੂ ਮੰਦਰ ਦੇ ਪੁਨਰ ਨਿਰਮਾਣ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਹਿੰਦੂ ਮੰਦਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। 64 ਸਾਲਾਂ ਬਾਅਦ ਇਸ ਜ਼ਿਲ੍ਹੇ ਵਿੱਚ ਇੱਕ ਹਿੰਦੂ ਮੰਦਰ ਦੇ ਪੁਨਰ ਨਿਰਮਾਣ ਦੀ ਪਹਿਲਕਦਮੀ ਕੀਤੀ ਗਈ ਹੈ। ਇਸ ਪੈਸੇ ਨਾਲ ਮੰਦਰ ਦੀ ਚਾਰਦੀਵਾਰੀ ਦੀ ਉਸਾਰੀ ਕੀਤੀ ਜਾਣੀ ਹੈ।
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਮੁਤਾਬਕ ਇਸ ਸਮੇਂ ਨਾਰੋਵਾਲ ਜ਼ਿਲੇ ‘ਚ ਅਜਿਹਾ ਕੋਈ ਮੰਦਰ ਨਹੀਂ ਹੈ ਜਿੱਥੇ ਹਿੰਦੂ ਪਰਿਵਾਰ ਪੂਜਾ ਕਰ ਸਕਣ। ਹਿੰਦੂ ਪਰਿਵਾਰਾਂ ਨੂੰ ਆਪਣੀਆਂ ਧਾਰਮਿਕ ਰਸਮਾਂ ਨਿਭਾਉਣ ਲਈ ਸਿਆਲਕੋਟ ਅਤੇ ਲਾਹੌਰ ਦੇ ਮੰਦਰਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।
ਪਾਕਿਸਤਾਨ ਧਰਮਸਥਾਨ ਕਮੇਟੀ ਦੇ ਸਾਬਕਾ ਚੇਅਰਮੈਨ ਰਤਨ ਲਾਲ ਆਰੀਆ ਨੇ ਕਿਹਾ ਕਿ ਈਟੀਪੀਬੀ ਨੇ 1960 ਵਿੱਚ ਬਾਵਲੀ ਸਾਹਿਬ ਮੰਦਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਇਸ ਮੰਦਰ ‘ਚ ਪੂਜਾ ਬੰਦ ਹੋ ਗਈ। ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਨਾਰੋਵਾਲ ਜ਼ਿਲ੍ਹੇ ਵਿੱਚ ਕਿਸੇ ਸਮੇਂ 45 ਹਿੰਦੂ ਮੰਦਰ ਸਨ। ਪਾਕਿਸਤਾਨ ਧਰਮਸਥਾਨ ਕਮੇਟੀ ਦੋ ਦਹਾਕਿਆਂ ਤੋਂ ਬਾਵਲੀ ਸਾਹਿਬ ਮੰਦਰ ਦੇ ਨਵੀਨੀਕਰਨ ਦੀ ਵਕਾਲਤ ਕਰ ਰਹੀ ਸੀ। ਆਰੀਆ ਨੇ ਦੱਸਿਆ ਕਿ ਇਸ ਸਮੇਂ ਨਾਰੋਵਾਲ ਜ਼ਿਲ੍ਹੇ ਵਿੱਚ ਹਿੰਦੂਆਂ ਦੀ ਆਬਾਦੀ 1453 ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੇ ਬਾਵਲੀ ਸਾਹਿਬ ਮੰਦਰ ਦੇ ਨਵੀਨੀਕਰਨ ਲਈ ਕਦਮ ਚੁੱਕੇ ਹਨ। ਈਟੀਪੀਬੀ ਚਾਰ ਕਨਾਲ ਜ਼ਮੀਨ ‘ਤੇ ਉਸਾਰੀ ਦੀ ਦੇਖ-ਰੇਖ ਕਰ ਰਿਹਾ ਹੈ। ਇਸ ਵਿੱਚ ਚਾਰਦੀਵਾਰੀ ਪਹਿਲੀ ਤਰਜੀਹ ਹੈ। ਨਿਰਮਾਣ ਪੂਰਾ ਹੋਣ ‘ਤੇ ਮੰਦਰ ਨੂੰ ਪਾਕਿਸਤਾਨ ਧਰਮਸਥਾਨ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਵਨ ਮੈਨ ਕਮਿਸ਼ਨ ਦੇ ਚੇਅਰਮੈਨ ਡਾ. ਸ਼ੋਏਬ ਸਿੱਦਲ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਮੰਜ਼ੂਰ ਮਸੀਹ ਨੇ ਇਸ ਮੁੱਦੇ ‘ਤੇ ਅਹਿਮ ਭੂਮਿਕਾ ਨਿਭਾਈ ਹੈ।
ਪਾਕਿਸਤਾਨ ਧਰਮਸਥਾਨ ਕਮੇਟੀ ਦੇ ਪ੍ਰਧਾਨ ਸਾਵਨ ਚੰਦ ਨੇ ਕਿਹਾ ਕਿ ਉਹ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਬਾਵਲੀ ਸਾਹਿਬ ਮੰਦਰ ਦੇ ਨਵੀਨੀਕਰਨ ਨਾਲ ਹਿੰਦੂ ਭਾਈਚਾਰੇ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਨਵੀਨੀਕਰਨ ਤੋਂ ਬਾਅਦ ਇੱਥੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਹਿੰਦੂਸਥਾਨ ਸਮਾਚਾਰ